ਪੰਜਾਬ ਵਿੱਚ ਉੱਚ-ਗੁਣਵੱਤਾ ਨਿਰਮਾਣ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਲੋਕ ਨਿਰਮਾਣ ਵਿਭਾਗ ਦੀ ਰਿਸਰਚ ਲੈਬ: ਹਰਭਜਨ ਸਿੰਘ ਈਟੀਓ

1 min read

ਚੰਡੀਗੜ੍ਹ, 10 ਫਰਵਰੀ

ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਲੋਕ ਨਿਰਮਾਣ ਵਿਭਾਗ ਦੀ ਰਿਸਰਚ ਲੈਬ ਨੇ ਵਿਸ਼ਵ ਪੱਧਰੀ ਨਿਰਮਾਣ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਜਿੱਥੇ ਸੂਬੇ ਵਿੱਚ ਉੱਚ ਪੱਧਰੀ ਉਸਾਰੀ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਅਹਿਮ ਰੋਲ ਅਦਾ ਕੀਤਾ ਉਥੇ ਵਿੱਤੀ ਸਾਲ 2025-25 ਦੌਰਾਨ ਉਸਾਰੀ ਕਾਰਜਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਟੈਸਟਿੰਗ ਤੋਂ ਲਗਭਗ 1.5 ਕਰੋੜ ਰੁਪਏ ਦੀ ਫੀਸ ਵੀ ਕਮਾਈ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕਰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਅਧੀਨ ਇਹ ਲੈਬ ਇੱਕੋ-ਇੱਕ ਅਜਿਹੀ ਸਹੂਲਤ ਹੈ ਜੋ ਵਿਭਾਗ ਤੋਂ ਇਲਾਵਾ ਸਥਾਨਕ ਸਰਕਾਰਾਂ, ਜਲ ਸਰੋਤ ਵਿਭਾਗ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ), ਪੰਚਾਇਤੀ ਰਾਜ, ਪੰਜਾਬ ਮੰਡੀ ਬੋਰਡ ਅਤੇ ਸਟੇਟ ਵਿਜੀਲੈਂਸ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਨੈਸ਼ਨਲ ਐਕਰੀਡੀਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐਨ.ਏ.ਬੀ.ਐਲ.) ਤੋਂ ਮਾਨਤਾ, ਜੋ ਦਸੰਬਰ 2028 ਤੱਕ ਯੋਗ ਹੈ, ਪ੍ਰਾਪਤ ਹੋਣ ਨਾਲ ਪੰਜਾਬ ਦੀ ਇਸ ਇਕਲੌਤੀ ਸਰਕਾਰੀ ਲੈਬ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੈਬੋਰੇਟਰੀ 59 ਟੈਸਟਾਂ ਲਈ ਐਨ.ਏ.ਬੀ.ਐਲ ਤੋਂ ਮਾਨਤਾ ਪ੍ਰਾਪਤ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਹ ਰਿਸਰਚ ਲੈਬ ਅਡਵਾਂਸਡ ਗੈਰ-ਵਿਨਾਸ਼ਕਾਰੀ ਟੈਸਟਿੰਗ ਉਪਕਰਣਾਂ ਨਾਲ ਵੀ ਲੈਸ ਹੈ, ਜਿਵੇਂ ਕਿ ਫਾਲਿੰਗ ਵੇਟ ਡਿਫਲੈਕਟੋਮੀਟਰ (ਐਫ.ਡਬਲਿਯੂ.ਡੀ), ਅਲਟਰਾਸੋਨਿਕ ਪਲਸ ਵੇਲੋਸਿਟੀ (ਯੂ.ਪੀ.ਵੀ), ਨਿਊਕਲੀਅਰ ਟੈਸਟ ਗੇਜ, ਅਤੇ ਟ੍ਰੈਫਿਕ ਸਾਈਨ ਚੈਕਿੰਗ ਟੂਲਸ ਆਦਿ।

ਲੈਬ ਦੀਆਂ ਸਮਰੱਥਾਵਾਂ ਬਾਰੇ ਦੱਸਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਹ ਨੀਂਹ ਲਈ ਮਿੱਟੀ ਦੀ ਪਰਖ ਕਰਵਾਉਣ ਅਤੇ ਇੱਟਾਂ, ਬੱਜਰੀ, ਰੇਤ, ਸੀਮਿੰਟ, ਕੰਕਰੀਟ, ਲੁੱਕ ਅਤੇ ਸਰੀਏ ਸਮੇਤ ਵੱਖ-ਵੱਖ ਉਸਾਰੀ ਸਮੱਗਰੀਆਂ ਦਾ ਮੁਲਾਂਕਣ ਕਰਨ ਲਈ ਚੰਗੀ ਤਰ੍ਹਾਂ ਲੈਸ ਹੈ। ਉਨ੍ਹਾਂ ਕਿਹਾ ਕਿ ਲੈਬ ਲੁੱਕ ਅਤੇ ਕੰਕਰੀਟ ਦੇ ਕੰਮਾਂ ਲਈ ਡੈਂਸ ਬਿਟੂਮਿਨਸ ਮੈਕਡਮ (ਡੀਬੀਐਮ) ਅਤੇ ਅਸਫਾਲਟ ਕੰਕਰੀਟ (ਏਸੀ) ਮਿਸ਼ਰਣਾਂ ਨੂੰ ਡਿਜ਼ਾਈਨ ਕਰਨ ਦੀ ਮੁਹਾਰਤ ਵੀ ਰੱਖਦੀ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿਕਾਸ ਕਾਰਜਾਂ ਦੀ ਗੁਣਵੱਤਾ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਅਟੱਲ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਲਈ ਵਿਭਾਗ ਨੂੰ ਵੱਧ ਤੋਂ ਵੱਧ ਚੈਕਿੰਗ ਕਰਨ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਗੁਣਵੱਤਾ ਉਪਰਾਲਿਆਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

You May Also Like

More From Author

+ There are no comments

Add yours