ਰਾਜ ਦੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ

1 min read
ਪਟਿਆਲਾ, 28 ਨਵੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ। ਸਿਹਤ ਮੰਤਰੀ ਅੱਜ ‘ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀਂ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿਉਂਕਿ ਬੱਚਿਆਂ ਵਿੱਚ ਸਿਹਤ ਬਹੁਤ ਜਰੂਰੀ ਹੈ ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ‘ਚ ਕਿੰਨਾ ਖ਼ੂਨ ਹੈ, ਉਸਦਾ ਕੱਦ ਤੇ ਭਾਰ ਕਿੰਨਾ ਹੈ ਸਮੇਤ ਉਸਦੀ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਇਹ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਬੱਚਿਆਂ ਵਿੱਚ ਕੋਈ ਮੁਸ਼ਕਿਲ ਸਾਹਮਣੇ ਆਵੇਗੀ, ਉਸਨੂੰ ਠੀਕ ਕਰਨ ਲਈ ਯੋਗ ਕਦਮ ਉਠਾਏ ਜਾਣਗੇ, ਕਿਉਂਕਿ ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਰਕੇ ਬਹੁਤ ਬਿਮਾਰੀਆਂ ਲੱਗਦੀਆਂ ਹਨ ਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪੇਟ ਦੇ ਕੀੜਿਆਂ ਬਾਰੇ ਜਾਗਰੂਕਤਾ ਤੇ ਇਲਾਜ ਲਈ ਸਾਲ ਵਿੱਚ ਦੋ ਵਾਰ ਅਲਬੈਂਡਾਂਜੋਲ ਦੀ ਗੋਲੀ ਖੁਵਾਈ ਜਾਂਦੀ ਹੈ। ਸਿਹਤ ਮੰਤਰੀ ਨੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਟੀਚੇ ਤਹਿਤ ਅੱਜ ਕੌਮੀ ਡੀ ਵਾਰਮਿੰਗ ਦਿਵਸ ਮਨਾ ਕੇ ਇਹ ਦਵਾਈ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਅਤੇ 5 ਦਸੰਬਰ ਨੂੰ ਮੋਪ-ਅੱਪ ਦਿਵਸ ਵੀ ਮਨਾਇਆ ਜਾਵੇਗਾ।ਇਸ ਲਈ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਹ ਗੋਲੀ ਖੁਆਉਣ ਲਈ ਕਰੀਬ 72 ਲੱਖ ਗੋਲੀਆਂ ਦੀ ਵੰਡ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ ਤਕਰੀਬਨ 241 ਮਿਲੀਅਨ ਬੱਚੇ ਪੇਟ ਦੇ ਕੀੜਿਆਂ ਤੋਂ ਪ੍ਰਭਾਵਿਤ ਹਨ ਅਤੇ ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਇਹਨਾਂ ਬੱਚਿਆਂ ਦੀ ਗਿਣਤੀ ਲਗਭਗ 39 ਪ੍ਰਤੀਸ਼ਤ ਹੈ।ਉਨ੍ਹਾਂ ਕਿਹਾ ਕਿ ਪੇਟ ਦੇ ਕੀੜੇ ਆਪਣੇ ਸਰੀਰ ਦੀ ਆਂਤੜੀਆਂ ਵਿੱਚ ਰਹਿੰਦੇ ਹਨ ਅਤੇ ਹਜਾਰਾਂ ਦੀ ਗਿਣਤੀ ਵਿੱਚ ਹਰ ਰੋਜ ਅੰਡੇ ਦਿੰਦੇ ਹਨ।ਇਹ ਅੰਡੇ ਜਦੋਂ ਖੁੱਲ੍ਹੇ ਵਿੱਚ ਸ਼ੌਚ ਜਾਣ ਨਾਲ ਮਿੱਟੀ ਵਿੱਚ ਰਲ ਜਾਂਦੇ ਹਨ ਤਾਂ ਹੋਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੰਦੇ ਹੱਥ, ਨੰਗੇ ਪੈਰ ਤੁਰਨ ਨਾਲ, ਸਬਜ਼ੀਆਂ, ਪਾਣੀ ਆਦਿ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਦੂਜੇ ਬੱਚਿਆਂ ਤੱਕ ਪਹੁੰਚ ਜਾਂਦੇ ਹਨ ਤੇ ਇਸ ਨਾਲ ਖ਼ੂਨ ਦੀ ਕਮੀ, ਪੇਟ ਵਿੱਚ ਦਰਦ, ਕੁਪੋਸ਼ਣ, ਸਰੀਰਕ ਅਤੇ ਮਾਨਸਿਕ ਕਮਜੋਰੀ 5 ਵਾਧੇ ਵਿਕਾਸ ਵਿੱਚ ਰੁਕਾਵਟ, ਸਕੂਲ ਜਾਣਾ ਘਟਣਾ ਆਦਿ ਹੋ ਸਕਦਾ ਹੈ। ਇਸ ਲਈ ਹਰ ਬੱਚਾ ਆਪਣੇ ਨਹੁੰ ਕੱਟਕੇ ਰੱਖੇ, ਹੱਥਾਂ ਨੂੰ ਸਾਫ਼ ਰੱਖੇ ਤੇ ਖੁਲ੍ਹੇ ‘ਚ ਸੌਚ ਨਾ ਜਾਵੇ ਤੇ ਨੰਗੇ ਪੈਰ ਨਾ ਤੁਰੇ ਅਤੇ ਪਾਣੀ ਉਬਾਲ ਕੇ ਪੀਤਾ ਜਾਵੇ ਤੇ ਫ਼ਲ ਸਬਜ਼ੀਆਂ ਹਮੇਸ਼ਾ ਧੋਅ ਕੇ ਹੀ ਖਾਓ।
ਇਸ ਮੌਕੇ ਜਸਬੀਰ ਸਿੰਘ ਗਾਂਧੀ, ਸੁਰੇਸ਼ ਰਾਏ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐਨ.ਐਚ.ਐਮ ਡਾ. ਬਲਵਿੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਡਾਕਟਰ ਜਸਲੀਨ ਵਿਰਕ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਏ.ਸੀ.ਐਸ. ਡਾ. ਰਚਨਾ, ਐਸ.ਐਮ.ਓ. ਤ੍ਰਿਪੜੀ ਡਾ. ਮੋਨਿਕਾ ਤੇ ਡਾ. ਲਵਕੇਸ਼ ਕੁਮਾਰ, ਸਕੂਲ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ, ਜ਼ਿਲ੍ਹਾ ਸਕੂਲ ਸਿਹਤ ਅਫ਼ਸਰ ਡਾ. ਅਸ਼ੀਸ਼ ਸ਼ਰਮਾ ਤੇ ਟੀਮ ਸਮੇਤ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ। ਮੰਚ ਸੰਚਾਲਨ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਨੇ ਕੀਤਾ।

You May Also Like

More From Author

+ There are no comments

Add yours