ਪਟਿਆਲਾ, 21 ਨਵੰਬਰ:
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਸੂਬੇ ਵਿੱਚ ਪ੍ਰਫੁਲਿਤ ਕਰਨ ਲਈ ਮੱਛੀ ਪਾਲਕਾਂ ਨੂੰ ਜਿਥੇ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਹਨ, ਉਥੇ ਸਵੈ ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਵੀ ਮੱਛੀ ਨੂੰ ਟਰਾਂਸਪੋਰਟ ਕਰਨ ਲਈ ਵਾਹਨ ਤੇ ਆਈਸ ਬਾਕਸ ਲਈ 60 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤਿੰਨ ਵਿਅਕਤੀਆਂ ਨੂੰ ਸਕੂਟਰ ਅਤੇ ਦੋ ਵਿਅਕਤੀਆਂ ਨੂੰ ਥ੍ਰੀ ਵੀਲ੍ਹਰ ਵਾਹਨ ’ਤੇ ਮਿਲੀ ਸਬਸਿਡੀ ਨਾਲ ਸ਼ੁਰੂ ਕੀਤੇ ਕੰਮ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੋਰ ਚਾਹਵਾਨ ਨੌਜਵਾਨ ਵੀ ਵਿਭਾਗ ਵੱਲੋਂ ਸਵੈ ਰੋਜ਼ਗਾਰ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈਣ।
ਉਨ੍ਹਾਂ ਕਿਹਾ ਕਿ ਕਈ ਵਾਰ ਆਪਣਾ ਕਿੱਤਾ ਸ਼ੁਰੂ ਕਰਨ ਵਾਲਿਆਂ ਦੇ ਮਨ ਵਿੱਚ ਹੁੰਦਾ ਹੈ ਕਿ ਸਿਰਫ਼ ਜ਼ਮੀਨ ਵਾਲਾ ਵਿਅਕਤੀ ਹੀ ਮੱਛੀ ਪਾਲਣ ਦਾ ਕਿੱਤਾ ਕਰ ਸਕਦਾ ਹੈ, ਪਰ ਵਿਭਾਗ ਕੋਲ ਮੱਛੀ ਪਾਲਣ ਸਮੇਤ ਮੱਛੀ ਦੀ ਟਰਾਂਸਪੋਰਟ ਲਈ ਵੀ ਵੱਖ ਵੱਖ ਸਕੀਮਾਂ ਹਨ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਵਰਗ ਤੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਤਹਿਤ 60 ਫ਼ੀਸਦੀ ਅਤੇ ਜਨਰਲ ਵਰਗ ਨੂੰ 40 ਫ਼ੀਸਦੀ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਇੱਛੁਕ ਮੱਛੀ ਪਾਲਕ ਜਾਂ ਹੋਰ ਕਿਸਾਨ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਅਰਜ਼ੀ ਦੇ ਸਕਦੇ ਹਨ। ਇਸ ਸਕੀਮ ਅਧੀਨ ਪ੍ਰੋਜੈਕਟ ਜਿਵੇਂ ਕਿ ਮੱਛੀ ਪਾਲਣ ਅਤੇ ਝੀਂਗਾ ਪਾਲਣ ਲਈ ਨਵੇਂ ਤਲਾਬ ਤਿਆਰ ਕਰਨਾ, ਆਰ.ਏ.ਐਸ. ਅਤੇ ਬਾਇਓਫਲੋਕ ਸਿਸਟਮ ਦੀ ਸਥਾਪਨਾ, ਮੱਛੀ ਫੀਡ ਮਿੱਲਾਂ ਦੀ ਸਥਾਪਨਾ ਅਤੇ ਮੱਛੀ ਤੇ ਝੀਂਗੇ ਦੀ ਢੋਆ-ਢੁਆਈ ਵਾਸਤੇ ਟਰਾਂਸਪੋਰਟ ਵਹੀਕਲ ਦੀ ਖ਼ਰੀਦ ਆਦਿ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ ਹੁਣ ਤੱਕ ਸਰਕਾਰ ਵੱਲੋਂ 502 ਲਾਭਪਾਤਰੀਆਂ ਨੂੰ ਲਗਭਗ 26.27 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਲਾਭਪਾਤਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ 60 ਫ਼ੀਸਦੀ ਸਬਸਿਡੀ ’ਤੇ ਮੋਟਰਸਾਈਕਲ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਆਈਸ ਬਾਕਸ ਲੱਗਿਆ ਹੈ ਜਿਸ ਵਿੱਚ ਕਰੀਬ 30 ਕਿਲੋ ਮੱਛੀ ਸਟੋਰ ਹੁੰਦੀ ਹੈ ਜੋ ਵੱਖ ਵੱਖ ਖੇਤਰਾਂ ਵਿੱਚ ਵੇਚੀ ਜਾਂਦੀ ਹੈ ਜਿਸ ਨਾਲ ਰੋਜ਼ਾਨਾ ਖਰਚੇ ਕੱਢਣ ਤੋਂ ਬਾਅਦ 800 ਰੁਪਏ ਦੀ ਬਚਤ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ ਸਦਕਾ ਸਾਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਏ ਹਨ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਆਟੋ ਰਿਕਸ਼ਾ ਨਾਲ ਆਪਣਾ ਕਾਰੋਬਾਰ ਕਰਨ ਵਾਲਿਆਂ ਨੂੰ ਕਰੀਬ 3 ਹਜ਼ਾਰ ਰੁਪਏ ਤੱਕ ਦੀ ਬਚਤ ਹੁੰਦੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ, ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਜਸਵੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਵੀ ਮੌਜੂਦ ਸਨ।
+ There are no comments
Add yours