ਕਿਸਾਨ ਖਾਦ ਜਾਂ ਹੋਰ ਸਮਾਨ ਖਰੀਦਣ ਸਮੇਂ ਪੱਕਾ ਬਿਲ ਜ਼ਰੂਰ ਲੈਣ : ਮੁੱਖ ਖੇਤੀਬਾੜੀ ਅਫ਼ਸਰ

1 min read

ਪਾਤੜਾਂ, 6 ਨਵੰਬਰ:
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਤੇ ਹੋਰਨਾਂ ਫ਼ਸਲਾਂ ਦੀ ਬਿਜਾਈ ਲਈ ਨਿਰਵਿਘਨ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਖਾਦਾਂ ਦੀ ਜਮ੍ਹਾਖੋਰੀ, ਕੀਮਤ ਵੱਧ ਵਸੂਲਣ ਤੇ ਖਾਦ ਨਾਲ ਹੋਰ ਸਮਾਨ ਵੇਚਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾ ਸਕੇ।
ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਅਮਨਪ੍ਰੀਤ ਸਿੰਘ ਸੰਧੂ ਵੱਲੋਂ ਪਾਤੜਾਂ ਤੇ ਘੱਗਾ ਦੇ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਵੱਲੋਂ ਨਿਊ ਸਤਿਕਾਰ ਖੇਤੀ ਸੈਂਟਰ ਪਾਤੜਾਂ, ਭਾਰਤ ਐਗਰੋ ਕੈਮੀਕਲਜ਼ ਪਾਤੜਾਂ, ਨਾਗਰਾ ਖਾਦ ਸਟੋਰ ਪਾਤੜਾਂ, ਜ਼ਿਮੀਂਦਾਰਾਂ ਐਗਰੀ ਕਲਚਰ ਸਟੋਰ ਪਾਤੜਾਂ, ਗੋਇਲ ਐਗਰੀ ਕਲਚਰ ਸਟੋਰ ਪਾਤੜਾਂ, ਦਸਮੇਸ਼ ਫਰਟੀਲਾਈਜ਼ਰ ਐਂਡ ਪੈਸਟੀਸਾਈਡ ਪਾਤੜਾਂ, ਗਣੇਸ਼ ਟਰੇਡਿੰਗ ਕੰਪਨੀ ਘੱਗਾ ਤੇ ਸ਼ਾਰਦਾ ਐਗਰੋ ਕੈਮੀਕਲਜ਼ ਘੱਗਾ ਦੇ ਖਾਦਾਂ ਦੇ ਸਟਾਕ ਦੀ ਚੈਕਿੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਖਾਦ ਵਿਕਰੇਤਾ ਕਿਸਾਨਾਂ ਨੂੰ ਡੀ.ਏ.ਪੀ ਖਾਦ ਉਪਲਬੱਧ ਹੋਣ ਦੇ ਬਾਵਜੂਦ ਮਨਾ ਕਰੇਗਾ ਜਾਂ ਡੀ.ਏ.ਪੀ. ਖਾਦ ਨਾਲ ਟੈਗਿੰਗ ਕਰੇਗਾ ਜਾਂ ਖਾਦ ਨੂੰ ਕੰਟਰੋਲਡ ਕੀਮਤ ਤੋਂ ਵੱਧ ਵੇਚੇਗਾ ਤਾਂ ਉਸ ਖਾਦ ਵਿਕਰੇਤਾ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਦੇ ਤਹਿਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਖਾਦ ਵਿਕਰੇਤਾਵਾਂ ਨੂੰ ਆਪਣੇ ਸਟਾਕ ਦਾ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਕਰੇਤਾ ਦਾ ਸਟਾਕ ਰਿਕਾਰਡ ਨਾਲ ਮੇਲ ਨਾ ਖਾਇਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖਾਦ ਜਾ ਹੋਰ ਕੋਈ ਵੀ ਖੇਤੀਬਾੜੀ ਦਾ ਸਾਮਾਨ ਖਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ ਤਾਂ ਜੋ ਉਪਭੋਗਤਾ ਕੋਲ ਵੀ ਖ਼ਰੀਦ ਦਾ ਪੂਰਾ ਰਿਕਾਰਡ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਸਾਮਾਨ ‘ਚ ਖਰਾਬੀ ਹੋਣ ‘ਤੇ ਵਿਕਰੇਤਾ ‘ਤੇ ਕਾਰਵਾਈ ਕੀਤੀ ਜਾ ਸਕੇ।

You May Also Like

More From Author

+ There are no comments

Add yours