ਨਾਭਾ, 4 ਨਵੰਬਰ:
ਮੌਜੂਦਾ ਹਾੜੀ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਤੇ ਹੋਰਨਾਂ ਫ਼ਸਲਾਂ ਲਈ ਕਿਸਾਨਾਂ ਨੂੰ ਨਿਰਵਿਘਨ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਖਾਦਾਂ ਦੀ ਜਮ੍ਹਾਖ਼ੋਰੀ, ਕੀਮਤ ਵੱਧ ਵਸੂਲਣ ਤੇ ਖਾਦ ਨਾਲ ਹੋਰ ਸਮਾਨ ਵੇਚਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਖੇਤੀਬਾੜੀ ਅਫ਼ਸਰ ਨਾਭਾ ਜੁਪਿੰਦਰ ਸਿੰਘ ਤੇ ਖੇਤੀਬਾੜੀ ਵਿਕਾਸ ਅਫ਼ਸਰ ਜਸਪ੍ਰੀਤ ਸਿੰਘ ਵੱਲੋਂ ਨਾਭਾ ਬਲਾਕ ਦੇ ਮੈਸ: ਨਿਊ ਨਾਭਾ ਖਾਦ ਸਟੋਰ, ਮੈਸ: ਬਾਂਸਲ ਐਗਰੋ ਸਰਵਿਸ ਨਾਭਾ, ਮੈਸ: ਜੇ.ਕੇ ਖਾਦ ਸਟੋਰ ਨਾਭਾ, ਮੈਸ: ਸਾਈ ਖਾਦ ਸਟੋਰ ਤੇ ਮੈਸ: ਸਾਈ ਟਰੇਡਿੰਗ ਕੰਪਨੀ ਨਾਭਾ, ਮੈਸ: ਐਮ.ਐਸ. ਗੁਪਤਾ ਐਗਰੋ, ਮੈਸ: ਪਾਲ ਖਾਦ ਸਟੋਰ, ਮੈਸ: ਕਮਲ ਐਗਰੋ ਕੈਮੀਕਲਜ਼, ਮੈਸ: ਨਿਊ ਕਿਸਾਨ ਐਗਰੋ, ਮੈਸ: ਓਕਾਰ ਪੈਸਟੀਸਾਈਡ, ਨਾਭਾ ਦੇ ਖਾਦਾਂ ਦੇ ਸਟਾਕ ਦੀ ਚੈਕਿੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਖਾਦ ਵਿਕਰੇਤਾ ਕਿਸਾਨਾਂ ਨੂੰ ਡੀ.ਏ.ਪੀ ਖਾਦ ਉਪਲਬੱਧ ਹੋਣ ਦੇ ਬਾਵਜੂਦ ਮਨਾ ਕਰੇਗਾ ਜਾਂ ਡੀ.ਏ.ਪੀ. ਖਾਦ ਨਾਲ ਟੈਗਿੰਗ ਕਰੇਗਾ ਜਾਂ ਖਾਦ ਨੂੰ ਕੰਟਰੋਲਡ ਕੀਮਤ ਤੋਂ ਵੱਧ ਵੇਚੇਗਾ ਤਾਂ ਉਸ ਖਾਦ ਵਿਕਰੇਤਾ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਦੇ ਤਹਿਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮਿੱਟੀ ਦੀ ਲੋੜ ਅਨੁਸਾਰ ਹੀ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਮਿੱਟੀ ਦੀ ਜਾਂਚ ਕਰਵਾਉਣ ਤੇ ਮਿੱਟੀ ਨੂੰ ਜਿਹੜੇ ਤੱਤਾਂ ਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਹੀ ਖਾਦ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਇਹ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਦੇਖਾ-ਦੇਖੀ ਵਿੱਚ ਹੀ ਖਾਦਾਂ ਦੀ ਵੱਧ ਵਰਤੋਂ ਕਰ ਲੈਂਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਦਾ ਹੈ।
+ There are no comments
Add yours