ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਲਾਈਫ਼ ਸਕਿੱਲ, ਮੁੱਢਲੀ ਸਹਾਇਤਾ ਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਦੀ ਸਿਖਲਾਈ : ਡਾ. ਬਲਬੀਰ ਸਿੰਘ

1 min read

ਪਟਿਆਲਾ, 22 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਾਈਫ਼ ਸਕਿੱਲ, ਫ਼ਸਟ ਏਡ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ (ਵੈਕਟਰ ਬੋਰਨ ਬਿਮਾਰੀਆਂ) ਤੋਂ ਬਚਾਅ ਲਈ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਪਟਿਆਲਾ ਤੋਂ ਹੋਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਨੇ ਅੱਜ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨਾਲ ਮੁਲਾਕਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫ਼ਸਟ ਏਡ ਤੇ ਲਾਈਫ਼ ਸਕਿੱਲ ਦੀ ਟਰੇਨਿੰਗ ਦੇਣ ਦਾ ਮਕਸਦ ਹੈ ਕਿ ਵਿਦਿਆਰਥੀ ਕਿਸੇ ਵੀ ਦੁਰਘਟਨਾ ਸਮੇਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਪੀੜਤ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਕੇ ਕੀਮਤੀ ਜਾਨਾਂ ਬਚਾਅ ਸਕਣ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਟਰੇਨਿੰਗ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਅਤੇ ਇਸ ਦੇ ਵੱਖਰੇ ਤੌਰ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਇਸ ਦੇ ਨਾਲ ਹੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਡੇਂਗੂ, ਮਲੇਰੀਆਂ ਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵਾਟਰ ਬੋਰਨ ਡਜ਼ੀਜ਼ ਕੇਸਾਂ ਦੇ ਘੱਟ ਹੋਣ ਦਾ ਕਾਰਨ ਜਾਗਰੂਕਤਾ ਹੀ ਹੈ ਤੇ ਵਿਦਿਆਰਥੀ ਇਸ ਜਾਗਰੂਕਤਾ ਮੁਹਿੰਮ ਦੇ ਬਰਾਂਡ ਅੰਬੈਸਡਰ ਹੋਣਗੇ।
ਡਾ. ਬਲਬੀਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸਿੱਖਿਆ ਸੁਧਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਅਧਿਆਪਕਾਂ ਦੀ ਟਰੇਨਿੰਗ ਕੌਮਾਂਤਰੀ ਪੱਧਰ ‘ਤੇ ਕਰਵਾਈ ਜਾ ਰਹੀ ਹੈ, ਉਥੇ ਹੀ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜਨ ਲਈ ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ, ਜਿਥੇ ਵਿਦਿਆਰਥੀ ਦੀ ਰੁਚੀ ਅਨੁਸਾਰ ਉਸ ਨੂੰ ਆਪਣੇ ਕਿੱਤੇ ਦੀ ਚੋਣ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਲਗਾਤਾਰ ਤੀਜੀ ਮਾਪੇ-ਅਧਿਆਪਕ ਮਿਲਣੀ ਹੈ ਅਤੇ ਇਨ੍ਹਾਂ ਢਾਈ ਸਾਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਜੋ ਸੁਧਾਰ ਹੋਇਆ ਹੈ ਉਹ ਸਕੂਲਾਂ ਵਿੱਚ ਵਧੇ ਦਾਖਲਿਆਂ ਤੋਂ ਵੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ 12 ਹਜ਼ਾਰ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਹੈ ਤੇ 10 ਹਜ਼ਾਰ ਤੋਂ ਵੱਧ ਨਵੇਂ ਅਧਿਆਪਕ ਵੀ ਭਰਤੀ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਮੁਨੀਸ਼ ਸਿਸੋਦੀਆਂ ਵੱਲੋਂ ਜੋ ਸਿੱਖਿਆ ਮਾਡਲ ਦਿੱਲੀ ਵਿੱਚ ਬਣਾਇਆ ਗਿਆ ਹੈ, ਉਸੇ ਤਰ੍ਹਾਂ ਦਾ ਸਿੱਖਿਆ ਮਾਡਲ ਸ. ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਅੰਦਰ ਵੀ ਵਿਕਸਤ ਕੀਤਾ ਗਿਆ ਹੈ, ਜਿਸ ਨਾਲ ਪਿਛਲੇ ਢਾਈ ਸਾਲਾਂ ਅੰਦਰ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਏ ਹਨ।
ਸਿਹਤ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਬਣਾਏ ਸੋਲਰ ਚਾਰਜਰ, ਵਾਟਰ ਟਰੀਟਮੈਂਟ ਪਲਾਂਟ ਦੇ ਮਾਡਲ ਤੇ ਵੇਸਟ ਟੂ ਵੈਲਥ ਤਹਿਤ ਬੇਕਾਰ ਪਏ ਸਮਾਨ ਤੋਂ ਬਣਾਈ ਵਸਤੂਆਂ ਵਾਲੀ ਪ੍ਰਦਰਸ਼ਨੀ ਦਾ ਦੌਰਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਜੋ ਮਾਡਲ ਤਿਆਰ ਕੀਤੇ ਹਨ, ਉਹ ਇਸ ਗੱਲ ਦਾ ਸੁਨੇਹਾ ਦੇ ਰਹੇ ਹਨ ਕਿ ਸਾਡੀ ਆਉਣ ਵਾਲੀ ਪੀੜੀ ਵਾਤਾਵਰਣ ਪ੍ਰਤੀ ਸੁਚੇਤ ਹੈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਨ ਲਈ ਅੱਗੇ ਆ ਰਹੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਾਂ ਹੀ ਸਾਰਥਕ ਸਿੱਧ ਹੋਣਗੇ ਜੇਕਰ ਅਸੀਂ ਸਾਰੇ ਰਲਕੇ ਵਾਤਾਵਰਣ ਦੀ ਸ਼ੁੱਧਤਾ ਲਈ ਹੰਭਲਾ ਮਾਰੀਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਾਲੂ ਮਹਿਰਾ, ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੇ ਪ੍ਰਿੰਸੀਪਲ ਸੀਮਾ ਉਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਦੇ ਪ੍ਰਿੰਸੀਪਲ ਸ੍ਰੀਮਤੀ ਨਰੇਸ਼ ਸਮੇਤ ਸਕੂਲ ਸਟਾਫ਼, ਵਿਦਿਆਰਥੀ ਅਤੇ ਮਾਪੇ ਵੀ ਮੌਜੂਦ ਸਨ।
ਫ਼ੋਟੋ: ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ।

You May Also Like

More From Author

+ There are no comments

Add yours