ਪਟਿਆਲਾ, 21 ਅਕਤੂਬਰ:
ਪੰਜਾਬ ਜੇਲ੍ਹ ਵਿਭਾਗ ਦੇ ਏ.ਡੀ.ਜੀ.ਪੀ. ਅਰੁਣਪਾਲ ਸਿੰਘ ਨੇ ਕਿਹਾ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ। ਉਹ ਅੱਜ ਪੁਲਿਸ ਯਾਦਗਾਰੀ ਦਿਹਾੜੇ ਮੌਕੇ ਪਟਿਆਲਾ ਵਿਖੇ ਪੁਲਿਸ ਯਾਦਗਾਰੀ ਦਿਹਾੜੇ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਜੇਲ੍ਹ ਵਿਭਾਗ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਜੇਲ੍ਹ ਵਿਭਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਹਰ ਇਕ ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਅਤੇ ਨਿਰਭੈ ਹੋ ਕੇ ਨਿਭਾਵੇ।
ਇਸ ਮੌਕੇ ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਨੇ ਪੰਜਾਬ ਜੇਲ੍ਹ ਵਿਭਾਗ ਵੱਲੋਂ ਪੰਜਾਬ ਵਿੱਚ ਦਹਿਸ਼ਤਗਰਦੀ ਦੇ ਸਮੇਂ ਅਤੇ ਆਪਣੀ ਡਿਊਟੀ ਨਿਭਾਉਂਦੇ ਸ਼ਹੀਦ ਹੋਏ ਆਈ.ਜੀ. (ਜੇਲ੍ਹਾਂ), ਸਹਾਇਕ ਸੁਪਰਡੈਂਟ ਜੇਲ੍ਹਜ ਅਤੇ ਹੈਡਵਾਰਡਰ/ਵਾਰਡਰ ਰੈਂਕ ਦੇ 12 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਉਤੇ ਇੰਸਪੈਕਟਰ ਜਨਰਲ (ਜੇਲ੍ਹਾਂ) ਪੰਜਾਬ, ਆਰ.ਕੇ. ਅਰੋੜਾ ਅਤੇ ਡੀ.ਆਈ.ਜੀ. (ਜੇਲ੍ਹਾਂ) ਸੁਰਿੰਦਰ ਸਿੰਘ ਵੀ ਮੌਜੂਦ ਸਨ।
ਏ.ਡੀ.ਜੀ.ਪੀ. ਅਰੁਣਪਾਲ ਸਿੰਘ ਨੇ ਸ਼ਹੀਦੀ ਸਮਾਰਕ ਉਪਰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹਰ ਸੰਭਵ ਕੋਸ਼ਿਸ਼ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿਵਾਇਆ।
ਇਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਟ੍ਰੇਨਿੰਗ ਅਧੀਨ ਟ੍ਰੇਨੀਜ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਅਰੁਣਪਾਲ ਸਿੰਘ ਨੇ ਉਨ੍ਹਾਂ ਨੂੰ ਇਕ ਚੰਗੇ ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਬਣਨ ਦੇ ਗੁਣਾਂ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਨਸੀਹਤ ਦਿੱਤੀ।
ਪ੍ਰਿੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਕੁਲਵੰਤ ਸਿੰਘ ਸਿੱਧੂ ਨੇ ਇਸ ਦਿਨ ਦੇ ਇਤਿਹਾਸ ਬਾਰੇ ਦੱਸਿਆ ਤੇ ਸ਼ਹੀਦਾਂ ਦੇ ਪਰਿਵਾਰਾ ਦਾ ਧੰਨਵਾਦ ਕੀਤਾ। ਇਸ ਰਾਜ ਪੱਧਰੀ ਸਮਾਰੋਹ ਦਾ ਮੰਚ ਸੰਚਾਲਨ ਵਾਇਸ ਪ੍ਰਿੰਸੀਪਲ ਮੁਕੇਸ਼ ਕੁਮਾਰ ਸ਼ਰਮਾ ਨੇ ਕੀਤਾ ।
ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ, ਸੁਪਰਡੈਂਟ ਜੇਲਜ, ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਦੇ ਸਟਾਫ ਅਤੇ ਟ੍ਰੇਨੀਜ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਹੋਏ ਇਸ ਸੂਬਾ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜੇਲ੍ਹਾਂ ਦੇ ਸੀਨੀਅਰ ਸੁਪਰਡੈਂਟਜ ਵੀ ਹਾਜਰ ਰਹੇ।
+ There are no comments
Add yours