ਪੀ.ਡੀ.ਏ. ਪਟਿਆਲਾ ਨੇ ਕੀਤੀ ਕਾਰਵਾਈ 3 ਅਣ-ਅਧਿਕਾਰਤ ਕਲੋਨੀਆਂ ਢਾਹੀਆਂ

1 min read
ਪਟਿਆਲਾ, 1 ਅਕਤੂਬਰ:
ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ.ਡੀ.ਏ.), ਪਟਿਆਲਾ ਨੇ ਅੱਜ ਇੱਕ ਅਹਿਮ ਕਾਰਵਾਈ ਕਰਦਿਆਂ ਪਿੰਡ ਧਾਮੋਮਾਜਰਾ ਅਤੇ ਪਿੰਡ ਪਸਿਆਣਾ ਵਿੱਚ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 ਦੀ ਉਲੰਘਣਾ ਕਰਕੇ ਵਿਕਸਿਤ ਕੀਤੀਆਂ ਗਈਆਂ 3 ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਢਾਹ ਦਿੱਤਾ ਹੈ।
ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਕਿਹਾ ਦੱਸਿਆ ਕਿ ਪੀ.ਡੀ.ਏ ਪਟਿਆਲਾ ਨੇ ਇਹ ਮੁਹਿੰਮ ਛੇੜੀ ਹੈ ਕਿ ਪੀ.ਡੀ.ਏ., ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਗ਼ੈਰ-ਕਾਨੂਨੀ ਕਲੋਨੀਆਂ ਵਿੱਚ ਆਪਣੀ ਅਹਿਮ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੇ ਗ਼ੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੀ.ਡੀ.ਏ. ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪਟਿਆਲਾ ਵਾਸੀ ਭਵਿਖ ਵਿੱਚ ਕਿਸੇ ਵੀ ਕਲੋਨੀ ਵਿੱਚ ਮਕਾਨ/ਪਲਾਟ ਦੀ ਖਰੀਦ ਤੋਂ ਪਹਿਲਾ ਉਸ ਕਲੋਨੀ ਸਬੰਧੀ ਸਰਕਾਰ/ਪੀ.ਡੀ.ਏ. ਪਾਸੋਂ ਪ੍ਰਵਾਨਗੀ ਸਬੰਧੀ ਦਸਤਾਵੇਜ ਚੈੱਕ ਕਰ ਲੈਣ ਜਾਂ ਇਸ ਸਬੰਧੀ ਪੀ.ਡੀ.ਏ. ਦਫਤਰ ਜਾਣਕਾਰੀ ਪ੍ਰਾਪਤ ਕਰ ਲੈਣ ਤਾਂ ਜੋ ਉਹਨਾ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸੇ ਦੌਰਾਨ ਪੀ.ਡੀ.ਏ ਪਟਿਆਲਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਸ ਸਬੰਧੀ ਕੋਈ ਪੁਖ਼ਤਾ ਜਵਾਬ ਜਾਂ ਦਸਤਾਵੇਜ ਨੋਟਿਸ ਵਿੱਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀ ਹੁੰਦੇ ਹਨ ਤਾਂ ਉਹਨਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ।
ਇਸ ਕਾਰਵਾਈ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਸ਼ੀਮਾ ਕੌਸ਼ਲ, ਸਹਾਇਕ ਨਗਰ ਯੋਜਨਾਕਾਰ ਗੁਰਿੰਦਰ ਸਿੰਘ, ਉਪ-ਮੰਡਲ ਇੰਜੀਨੀਅਰ ਰਾਜੀਵ ਕੁਮਾਰ, ਉਪ ਮੰਡਲ ਇੰਜੀਨੀਅਰ ਗੁਰਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਸੰਜੀਵ ਕੁਮਾਰ, ਜੂਨੀਅਰ ਇੰਜੀਨੀਅਰ ਗੁਰਪਿਆਰ ਸਿੰਘ ਵੀ ਹਾਜ਼ਰ ਸਨ।

You May Also Like

More From Author

+ There are no comments

Add yours