ਪਿੰਡ ਫ਼ਤਿਹਪੁਰ ਰਾਜਪੂਤਾਂ ਬਲਾਕ ਭੁਨਰਹੇੜੀ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਕੈਂਪ ਵਿਚ ਦਿਖਾਈ ਦਿਲਚਸਪੀ

1 min read

ਪਟਿਆਲਾ, 11 ਸਤੰਬਰ:
ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰ੍ਹੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੱਖ ਖੇਤੀਬਾੜੀ ਅਫ਼ਸਰ ਡਾ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਫ਼ਤਿਹਪੁਰ ਰਾਜਪੂਤਾਂ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਲਗਾਏ ਗਏ ਬਲਾਕ ਪੱਧਰੀ ਕੈਂਪ ਵਿਚ ਬਹੁਗਿਣਤੀ ਵਿਚ ਦਿਲਚਸਪੀ ਦਿਖਾਈ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨਾਲ ਸਹਿਯੋਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਯੋਗਦਾਨ ਪਾਉਣ।
ਇਸ ਬਲਾਕ ਪੱਧਰੀ ਕੈਪ ਵਿਚ ਪਿੰਡ ਦੇ ਅਗਾਂਹਵਧੂ ਕਿਸਾਨ ਦਿਲਦਾਰ ਸਿੰਘ, ਹਰਪਾਲ ਸਿੰਘ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ, ਭਗਵਾਨ ਸਿੰਘ ਅਤੇ ਬਲਦੇਵ ਸਿੰਘ ਨੇ ਹਾਜ਼ਰ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਕੀਤੇ ਗਏ ਤਜਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੀ ਪੰਚਾਇਤ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵਿਚ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਵੇਗੀ।
ਇਸ ਕੈਂਪ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪ੍ਰੀਤ ਸਿੰਘ ਰੰਧਾਵਾ ਨੇ ਝੋਨੇ ਦੀ ਫ਼ਸਲ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਦੀ ਰੋਕਥਾਮ ਲਈ, ਡਾ. ਅਮਨਪ੍ਰੀਤ ਸਿੰਘ ਸੰਧੂ ਨੇ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ, ਡਾ. ਅਮਨਦੀਪ ਕੌਰ ਨੇ ਮਿੱਟੀ ਪਰਖ ਦੀ ਮਹੱਤਤਾ ਸਬੰਧੀ, ਡਾ. ਸਿਕੰਦਰ ਸਿੰਘ ਨੇ ਪੀ.ਐਮ.ਕਿਸਾਨ ਸਕੀਮ ਸਬੰਧੀ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਫ਼ਸਲੀ ਵਿਭਿੰਨਤਾ ਅਤੇ ਸੀ.ਆਰ.ਸਕੀਮ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ।
ਇਸ ਕੈਂਪ ਵਿਚ ਮੁੱਖ ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਜਿੰਦਰ ਸਿੰਘ ਵੱਲੋਂ ਹਾਜ਼ਰ ਕਿਸਾਨਾਂ ਦੀਆਂ ਪੀ.ਐਮ ਕਿਸਾਨ ਨਿਧੀ ਸਕੀਮ ਤਹਿਤ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਅਤੇ ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਬੂਟੇ ਮੋਟਰਾਂ ਉੱਪਰ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿਚ ਖੇਤੀਬਾੜੀ ਵਿਭਾਗ ਦੇ ਏ.ਐਸ.ਆਈ. ਹਰਮਨ ਸਿੰਘ ਅਤੇ ਬੀ ਟੀ ਐਮ ਨੇਹਾ ਕਥੂਰੀਆ ਨੇ ਆਤਮਾ ਸਕੀਮ ਤਹਿਤ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਕੈਪ ਵਿਚ ਹਾਜ਼ਰ ਲਗਭਗ 100 ਕਿਸਾਨਾਂ ਨੂੰ  ਜਾਣਕਾਰੀ ਦਿੱਤੀ।

You May Also Like

More From Author

+ There are no comments

Add yours