ਪਟਿਆਲਾ, 26 ਜਨਵਰੀ:
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪਟਿਆਲਾ ਵਿਖੇ ਦੇਸ਼ ਦਾ ਕੌਮੀ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਤੇ ਮਹਾਨ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ ਕਰਦਿਆਂ ਪੰਜਾਬੀਆਂ ਨੂੰ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੁੰਦਿਆਂ ਸੂਬਾ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੱਤਾ ਹੈ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ ਰਾਜਾ ਭਲਿੰਦਰਾ ਸਿੰਘ ਖੇਡ ਸਟੇਡੀਅਮ, ਪੋਲੋ ਗਰਾਊਂਡ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਸ਼ਾਨਦਾਰ ਪਰੇਡ ਦਾ ਜਾਇਜ਼ਾ ਲਿਆ ਅਤੇ ਬਾਅਦ ਵਿੱਚ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸੂਬਾ ਨਿਵਾਸੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਪੰਜਾਬ ਦੇ ਰਾਜਪਾਲ ਨੇ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦਿਆਂ ਇਸ ਦਿਨ ਨੂੰ ਆਪਣੇ ਰਾਸ਼ਟਰ ਤੇ ਆਪਣੀ ਪ੍ਰਭੁਤਾ ਦਾ ਜਸ਼ਨ ਮਨਾਉਣ ਤੇ ਸਨਮਾਨ ਕਰਨ ਦਾ ਦਿਨ ਕਰਾਰ ਦਿੱਤਾ।
ਇਸ ਤੋਂ ਪਹਿਲਾਂ ਰਾਜਪਾਲ ਨੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਉਤੇ ਵੀ ਜਾ ਕੇ ਭਾਰਤੀ ਫੌਜ ਦੇ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਡੀ.ਜੀ.ਪੀ. ਸ੍ਰੀ ਗੌਰਵ ਯਾਦਵ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਵੀ ਮੌਜੂਦ ਸਨ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਮਹਾਨ ਦੇਸ਼ ਭਗਤ ਯੋਧਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੱਖਾਂ ਆਜ਼ਾਦੀ ਪਰਵਾਨਿਆਂ ਦੀਆਂ ਭਾਰੀ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲੀ ਤੇ ਇਸ ਗਣਤੰਤਰ ਦਾ ਨਿਰਮਾਣ ਹੋਇਆ। ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮੇਤ ਬੀ.ਐਨ. ਰਾਓ ਦਾ ਵਿਸ਼ੇਸ਼ ਜਿਕਰ ਕੀਤਾ ਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਵੀ ਆਪਣੀ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਦਿਨ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵੱਲੋਂ ਵਿਖਾਏ ਰਾਹ ‘ਤੇ ਤੁਰਨ ਦਾ ਪ੍ਰਣ ਕਰਨਾ ਚਾਹੀਦਾ ਹੈ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜਿਵੇਂ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਯੋਗਦਾਨ ਪਾਇਆ, ਉਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਅਲਾਮਤ ਸਾਡੇ ਸਮਾਜ ਨੂੰ ਖੋਖਲਾ ਕਰ ਰਹੀ ਹੈ, ਇਸ ਲਈ ਉਨ੍ਹਾਂ ਨੇ ਖ਼ੁਦ ਉਚ ਅਧਿਕਾਰੀਆਂ ਨੂੰ ਪੱਤਰ ਲਿਖਕੇ ਸਵੱਛ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਾ ਸੰਕਲਪ ਲੈਣ ‘ਤੇ ਜ਼ੋਰ ਦਿੱਤਾ ਹੈ।
ਪੰਜਾਬ ਨੂੰ ਨਸ਼ਿਆਂ ਸਮੇਤ ਸਰਹੱਦ ਪਾਰੋਂ ਦਰਪੇਸ਼ ਕਈ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਾਮਬੰਦ ਹੋਕੇ ਨਸ਼ਿਆਂ ਵਿਰੁੱਧ ਵਿੱਢੀ ਲੜਾਈ ‘ਚ ਸੂਬਾ ਸਰਕਾਰ ਦਾ ਸਾਥ ਦੇਣ। ਰਾਜਪਾਲ ਨੇ ਕਿਹਾ ਕਿ ਉਹ ਪੰਜਾਬੀਆਂ ਦੇ ਸਿਦਕ ਤੇ ਸਿਰੜ ਦੇ ਕਾਇਲ ਹਨ, ਕਿਉਂਕਿ ਪੰਜਾਬੀ ਇੱਕ ਵਾਰ ਜੇ ਕੁਝ ਕਰਨ ਦੀ ਠਾਣ ਲੈਂਦੇ ਹਨ ਤਾਂ ਉਸਨੂੰ ਪੂਰਾ ਕਰਕੇ ਦਮ ਲੈਂਦੇ ਹਨ।
+ There are no comments
Add yours