-ਮਹੀਨੇ ਦੌਰਾਨ ਸੜਕ ਸੁਰੱਖਿਆ ਸਬੰਧੀ ਕਰਵਾਈਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ : ਨਮਨ ਮੜਕਨ
ਪਟਿਆਲਾ, 16 ਜਨਵਰੀ:
ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਸੂਬੇ ਵਿੱਚ 15 ਜਨਵਰੀ ਤੋਂ 14 ਫਰਵਰੀ, 2024 ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਰਿਜਨਲ ਟਰਾਂਸਪੋਰਟ ਅਫ਼ਸਰ ਨਮਨ ਮੜਕਨ ਨੇ ਡਰਾਈਵਿੰਗ ਟਰੈਕ ‘ਤੇ ਆਏ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਸੜਕ ਸੁਰੱਖਿਆ ਮਹੀਨੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਨਮਨ ਮੜਕਨ ਨੇ ਦੱਸਿਆ ਕਿ ਸੜਕ ਸੁਰੱਖਿਆ ਮਹੀਨੇ ਲਈ ਸਬੰਧਤ ਵਿਭਾਗ ਵੱਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਸਾਈਕਲ/ਦੋ-ਪਹੀਆ ਵਾਹਨ ਰੈਲੀਆਂ, ਟਰਾਂਸਪੋਰਟ ਵਾਹਨਾਂ ‘ਤੇ ਰੈਟਰੋ-ਰਿਫਲੈਕਟਿਵ ਟੇਪਾਂ ਲਗਾਉਣਾ, ਡਰਾਈਵਰਾਂ ਨਾਲ ਨੁੱਕੜ ਗੱਲਬਾਤ, ਸੀਟ ਬੈਲਟ ਤੇ ਹੈਲਮੇਟ ਬਾਰੇ ਜਾਗਰੂਕਤਾ ਮੁਹਿੰਮਾਂ ਅਤੇ ਰੈੱਡ ਲਾਈਟ ਦੀ ਉਲੰਘਣਾ, ਓਵਰਸਪੀਡਿੰਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ਾਮਲ ਹਨ।
ਇਸੇ ਤਰ੍ਹਾਂ ਵਿਭਾਗਾਂ ਵੱਲੋਂ ਆਪਣੀ ਮਾਲਕੀ ਵਾਲੀਆਂ ਸੜਕਾਂ ਦੇ ਕਿਨਾਰੇ ‘ਤੇ ਉੱਗੀ ਬਨਸਪਤੀ ਦੀ ਸਫ਼ਾਈ, ਸਾਇਨ ਬੋਰਡ ਲਗਾਉਣ ਅਤੇ ਸਟਰੀਟ ਲਾਈਟਾਂ ਸਬੰਧੀ ਮੁੱਦਿਆਂ ਦਾ ਹੱਲ ਕਰਨ ਅਤੇ ਦੁਰਘਟਨਾ ਵਾਲੇ ਸਥਾਨਾਂ ਦੀ ਪਛਾਣ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸੜਕ ਸੁਰੱਖਿਆ ਬਾਰੇ ਵਾਕਥੌਨ, ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਤੇ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਹਿਯੋਗ ਨਾਲ ਡਰਾਈਵਰਾਂ ਲਈ ਮੈਡੀਕਲ/ਅੱਖਾਂ ਦੇ ਚੈਕਅੱਪ ਕੈਂਪ ਲਗਾਏ ਜਾਣਗੇ ਅਤੇ ਵਾਹਨਾਂ ਲਈ ਓਵਰਲੋਡਿੰਗ ਅਤੇ ਫਿਟਨੈਸ ਸਰਟੀਫਿਕੇਟ ਬਾਰੇ ਜਾਗਰੂਕ ਕੀਤਾ ਜਾਵੇਗਾ।
+ There are no comments
Add yours