• ਚੋਣ ਉਪਰੰਤ ਉਮੀਦਵਾਰ ਸੰਸਥਾ ਦੇ ਸਮਰਪਿਤ ਸਟਾਫ਼ ਦੀ ਯੋਗ ਨਿਗਰਾਨੀ ਹੇਠ ਲੈਣਗੇ ਸਿਖਲਾਈ
ਚੰਡੀਗੜ੍ਹ, 14 ਜਨਵਰੀ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸ਼ੁਰੂ ਹੋਣ ਵਾਲੇ 14ਵੇਂ ਕੋਰਸ ਲਈ ਅੱਜ 3018 ਉਮੀਦਵਾਰਾਂ ਨੇ ਦਾਖਲਾ ਪ੍ਰੀਖਿਆ ਦਿੱਤੀ। ਇਹ ਸੰਸਥਾ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਚੱਲ ਰਹੀ ਹੈ।
ਐਮ.ਆਰ.ਐਸ.ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਅੱਜ ਮੋਹਾਲੀ ਵਿਖੇ ਦੋ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦਾਖਲਾ ਪ੍ਰੀਖਿਆ ਲਈ ਸਕੂਲ ਆਫ਼ ਐਮੀਨੈਂਸ ਫੇਜ਼ 3ਬੀ1, ਮੋਹਾਲੀ ਅਤੇ ਬੀ.ਐਸ.ਐਚ. ਆਰੀਆ ਹਾਈ ਸਕੂਲ, ਮੋਹਾਲੀ, ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ., ਜਲੰਧਰ ਅਤੇ ਆਰ.ਬੀ. ਡੀ.ਏ.ਵੀ. ਪਬਲਿਕ ਸਕੂਲ, ਬਠਿੰਡਾ ਵਿਖੇ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਉਨ੍ਹਾਂ ਦੱਸਿਆ ਕਿ 150 ਸਫ਼ਲ ਉਮੀਦਵਾਰਾਂ ਨੂੰ ਬਾਅਦ ਵਿੱਚ ਅੰਤਿਮ ਚੋਣ ਪ੍ਰਕਿਰਿਆ ਲਈ ਬੁਲਾਇਆ ਜਾਵੇਗਾ, ਜਿਨ੍ਹਾਂ ਵਿੱਚੋਂ 48 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਸੰਸਥਾ ਦੇ ਸਮਰਪਿਤ ਸਟਾਫ਼ ਦੀ ਯੋਗ ਨਿਗਰਾਨੀ ਹੇਠ
ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਜਾਂ ਇਸ ਦੇ ਬਰਾਬਰ ਦੀਆਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ।
ਮੇਜਰ ਜਨਰਲ ਅਜੈ ਐਚ ਚੌਹਾਨ ਨੇ ਕਿਹਾ ਕਿ ਇਸ ਇੰਸਟੀਚਿਊਟ ਦੇ ਹੁਣ ਤੱਕ 226 ਕੈਡਿਟ ਐਨ.ਡੀ.ਏ. ਸਮੇਤ ਹੋਰ ਸਰਵਿਸਿਜ਼ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦਾਖਲਾ ਪ੍ਰੀਖਿਆ ਲਈ ਵੱਡੀ ਗਿਣਤੀ ਵਿੱਚ ਲੜਕਿਆਂ (4100) ਨੇ ਖੁਦ ਨੂੰ ਰਜਿਸਟਰ ਕੀਤਾ ਸੀ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ, ਜੋ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਅਤੇ ਸੰਸਥਾ ਦੀ ਸਫ਼ਲਤਾ ਦਾ ਸਿੱਟਾ ਹੈ।
+ There are no comments
Add yours