ਜਕਾਰਤਾ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਫ਼ਤ ਨੇ ਟੀਮ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ
ਚੰਡੀਗੜ੍ਹ, 13 ਜਨਵਰੀ:
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜਕਾਰਤਾ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ।ਸਿਫ਼ਤ ਨੇ ਟੀਮ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਖੇਡ ਮੰਤਰੀ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਨੇ ਨਿਰੰਤਰ ਵਧੀਆ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਿਫ਼ਤ ਨੇ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿੱਚ ਵਿਸ਼ਵ ਰਿਕਾਰਡ ਨਾਲ ਸੋਨੇ ਤੇ ਚਾਂਦੀ ਦਾ ਤਮਗ਼ਾ ਜਿੱਤਿਆ। ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਵੀ ਅਹਿਮ ਗੱਲ ਪੈਰਿਸ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਸੂਬੇ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ। ਨਵੀਂ ਖੇਡ ਨੀਤੀ ਤਹਿਤ ਜਿੱਥੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾ ਰਹੇ ਹਨ ਉੱਥੇ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਵੀ ਨਗਦ ਰਾਸ਼ੀ ਦਿੱਤੀ ਜਾ ਰਹੀ ਹੈ।
ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਦੀ ਪ੍ਰਾਪਤੀ ਲਈ ਉਸ ਦੇ ਮਾਪਿਆਂ ਤੇ ਕੋਚ ਨੂੰ ਵੀ ਵਧਾਈ ਦਿੱਤੀ ਹੈ। ਜਕਾਰਤਾ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ-2024 (ਰਾਈਫ਼ਲ/ਪਿਸਟਲ) ਵਿੱਚ ਵਿਅਕਤੀਗਤ ਵਰਗ ਵਿੱਚ ਸਿਫ਼ਤ ਕੌਰ ਸਮਰਾ ਨੇ 460.6 ਅੰਕ ਹਾਸਲ ਕਰ ਕੇ ਚਾਂਦੀ ਦਾ ਤਮਗ਼ਾ ਜਿੱਤਿਆ ਜਦੋਂਕਿ ਸੋਨ ਤਗ਼ਮਾ ਜੇਤੂ ਦੱਖਣੀ ਕੋਰੀਆ ਦੀ ਯੂਨਸੀਓ ਲੀ ਨੇ 462.5 ਅੰਕ ਹਾਸਲ ਕੀਤੇ।ਟੀਮ ਵਰਗ ਵਿੱਚ ਸਿਫ਼ਤ ਨੇ ਭਾਰਤੀ ਟੀਮ ਵੱਲੋਂ ਸੋਨੇ ਦਾ ਤਮਗ਼ਾ ਜਿੱਤਿਆ।
+ There are no comments
Add yours