ਚੇਤਨ ਸਿੰਘ ਜੌੜਾਮਾਜਰਾ ਨੇ ਬੀ.ਬੀ.ਐਮ.ਬੀ ਅਧਿਕਾਰੀਆਂ ਤੋਂ ਡੈਮਾਂ ਵਿੱਚ ਚੱਲ ਰਹੇ ਜਲ ਪ੍ਰਾਜੈਕਟਾਂ, ਭਵਿੱਖੀ ਯੋਜਨਾਵਾਂ ਅਤੇ ਪਾਣੀ ਭੰਡਾਰਨ ਦਾ ਲਿਆ ਜਾਇਜ਼ਾ

1 min read
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਨਹਿਰੀ ਸਿੰਜਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਦੀ ਵਚਨਬੱਧਤਾ ਦੁਹਰਾਈ
ਚੰਡੀਗੜ੍ਹ, 11 ਦਸੰਬਰ:
ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡੈਮਾਂ ’ਤੇ ਚੱਲ ਰਹੇ ਪ੍ਰਾਜੈਕਟਾਂ, ਭਵਿੱਖੀ ਯੋਜਨਾਵਾਂ ਅਤੇ ਪਾਣੀ ਭੰਡਾਰਨ ਦਾ ਜਾਇਜ਼ਾ ਲਿਆ।
ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਬੀ.ਬੀ.ਐਮ.ਬੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਨਹਿਰੀ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੇ ਕਿਸਾਨਾਂ ਲਈ ਪਾਣੀ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ।
ਇਸ ਮੌਕੇ ਸ. ਜੌੜਾਮਾਜਰਾ ਨੂੰ ਅਧਿਕਾਰੀਆਂ ਨੇ ਅਦਾਰੇ ਵੱਲੋਂ ਬੁਨਿਆਦੀ ਢਾਂਚੇ ਸਬੰਧੀ ਕੀਤੇ ਬੰਦੋਬਸਤ, ਜਲ ਰੈਗੂਲੇਟਰੀ ਉਪਾਵਾਂ ਅਤੇ ਭਾਈਵਾਲ ਰਾਜਾਂ ਦਰਮਿਆਨ ਸ਼ੇਅਰਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਤੋਂ ਪਹਿਲਾਂ ਸਰਗਰਮੀ ਨਾਲ ਇਹਤਿਆਤੀ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਖ਼ਾਸ ਤੌਰ ‘ਤੇ ਬੀ.ਬੀ.ਐਮ.ਬੀ ਦੇ ਅਧਿਕਾਰੀਆਂ ਨੂੰ ਡੈਮਾਂ ਤੋਂ ਪਾਣੀ ਛੱਡਣ ਬਾਰੇ ਸਮੇਂ ਸਿਰ ਅਪਡੇਟ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਕਾਰ ਅਤੇ ਕਿਸਾਨਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਉਪਾਅ ਯਕੀਨੀ ਬਣਾਏ ਜਾ ਸਕਣ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਡੈਮਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣਗੇ। ਸ. ਜੌੜਾਮਾਜਰਾ ਨੇ ਦੱਸਿਆ ਕਿ ਇਸ ਵਾਰ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ, ਜੋ ਸੂਬੇ ’ਚ ਪਹਿਲੀ ਵਾਰ ਹੋਇਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਨਹਿਰੀ ਪਾਣੀ ਦੀ ਵਰਤੋਂ ਵਿੱਚ ਲਗਭਗ 38 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਸਾਲ ਸਿੰਜਾਈ ਲਈ ਨਹਿਰੀ ਪਾਣੀ ਦੀ ਵਰਤੋਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਲਗਾਤਾਰ ਘਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਯੋਜਨਾਵਾਂ ਉਲੀਕਣ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਹੋਰਨਾਂ ਰਾਜਾਂ ਦੇ ਪਾਣੀ ਸਬੰਧੀ ਮੁੱਦਿਆਂ ’ਤੇ ਵੀ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਵਿੱਚ ਜਲ ਸਰੋਤ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਬੀ.ਬੀ.ਐਮ.ਬੀ ਦੇ ਸਕੱਤਰ ਸ੍ਰੀ ਸਤੀਸ਼ ਕੁਮਾਰ ਸਿੰਗਲਾ, ਮੁੱਖ ਇੰਜੀਨੀਅਰ (ਨਹਿਰਾਂ) ਸ੍ਰੀ ਜੇ.ਪੀ.ਸਿੰਘ, ਚੀਫ਼ ਇੰਜੀਨੀਅਰ ਭਾਖੜਾ ਡੈਮ (ਬੀ.ਬੀ.ਐਮ.ਬੀ) ਸ੍ਰੀ ਚਰਨਪ੍ਰੀਤ ਸਿੰਘ, ਡਾਇਰੈਕਟਰ ਵਾਟਰ ਰੈਗੂਲੇਸ਼ਨ ਸ੍ਰੀ ਰਾਜੀਵ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

You May Also Like

More From Author

+ There are no comments

Add yours