ਅੱਗ ਨਾ ਲਗਾਕੇ ਪਰਾਲੀ ਸੰਭਾਲਣ ਲੱਗੇ ਪਿੰਡ ਲੰਗ ਦੇ ਕਿਸਾਨ, 75 ਫੀਸਦੀ ਖੇਤਾਂ ‘ਚ ਗੱਠਾਂ ਬਣਾਈਆਂ

1 min read
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਲੰਗ ਦੀ ਸਹਿਕਾਰੀ ਸਭਾ ‘ਚ ਕਿਸਾਨਾਂ ਨਾਲ ਗੱਲਬਾਤ
-ਕਿਹਾ, ਪ੍ਰਸ਼ਾਸਨ ਕਿਸਾਨਾਂ ਦੇ ਨਾਲ ਖੜ੍ਹਿਆ, ਕਿਸਾਨ ਖੇਤਾਂ ਵਿੱਚ ਅੱਗ ਨਾ ਲਗਾਉਣ
-ਕਿਸਾਨਾਂ ਨੂੰ ਪਰਾਲੀ ਜਮੀਨ ‘ਚ ਹੀ ਮਿਲਾਉਣ ਲਈ ਸੁਪਰ ਸੀਡਰ ਤੇ ਸਰਫੇਸ ਸੀਡਰ ਵਰਤਣ ਦੀ ਅਪੀਲ
ਪਟਿਆਲਾ, 15 ਨਵੰਬਰ:
ਪਟਿਆਲਾ ਦੇ ਪਿੰਡ ਲੰਗ ਦੇ 75 ਫੀਸਦੀ ਖੇਤਾਂ ਵਿੱਚ ਪਰਾਲੀ ਨੂੰ ਸੰਭਾਲ ਕੇ ਕਿਸਾਨਾਂ ਨੇ ਇਸ ਵਾਰ ਨਵੀਂ ਮਿਸਾਲ ਕਾਇਮ ਕੀਤੀ ਹੈ। ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਪਿੰਡ ਦਾ ਦੌਰਾ ਕਰਕੇ ਸਹਿਕਾਰੀ ਸਭਾ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸਿਊਨਾ, ਲਚਕਾਣੀ, ਜੱਸੋਵਾਲ ਤੇ ਸਿੱਧੂਵਾਲ ਦੇ ਖੇਤਾਂ ਵਿੱਚ ਚੱਲਦੀਆਂ ਕੰਬਾਇਨਾਂ ਦੀ ਵੀ ਚੈਕਿੰਗ ਕੀਤੀ ਅਤੇ ਕੰਬਾਇਨ ਚਾਲਕਾਂ ਨੂੰ ਸੁਪਰ ਐਸ.ਐਮ.ਐਸ. ਚਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਬਿਨ੍ਹਾਂ ਐਸ.ਐਮ.ਐਸ. ਲੱਗੀ ਕੰਬਾਇਨ ਨਾਲ ਕਟਾਈ ਨਾ ਕੀਤੀ ਜਾਵੇ। ਉਨ੍ਹਾਂ ਨੇ ਆਪਣੀ ਫ਼ਸਲ ਕਟਵਾ ਰਹੇ ਕਿਸਾਨਾਂ ਨੂੰ ਪਰਾਲੀ ਜਮੀਨ ਵਿੱਚ ਹੀ ਸੰਭਾਲਣ ਲਈ ਪ੍ਰੇਰਿਤ ਵੀ ਕੀਤਾ।
ਪਿੰਡ ਲੰਗ ਵਿਖੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਿੰਡ ਵਿੱਚ 75 ਫੀਸਦੀ ਖੇਤਾਂ ਵਿੱਚ ਬੇਲਰਾਂ ਨਾਲ ਪਰਾਲੀ ਦੀਆਂ ਗੱਠਾਂ ਬਣਵਾਕੇ ਪਰਾਲੀ ਸੰਭਾਲੀ ਗਈ ਹੈ। ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਇਕੱਲੇ ਬੇਲਰ ਨੂੰ ਹੀ ਪਰਾਲੀ ਦਾ ਹੱਲ ਨਾ ਸਮਝਿਆ ਜਾਵੇ, ਸਗੋਂ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਕੇ ਕਣਕ ਦੀ ਬਿਜਾਈ ਲਈ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫੇਸ ਸੀਡਰ ਵਰਤੇ ਜਾਣ, ਕਿਉਂਕਿ ਪਰਾਲੀ ਜਮੀਨ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਨੇ ਕਿਸਾਨਾਂ ਤੇ ਆੜਤੀਆਂ ਦੀ ਮੰਗ ‘ਤੇ ਪਿੰਡ ਲੰਗ ਦੀ ਮੰਡੀ ਨੂੰ ਅਜੇ ਬੰਦ ਨਾ ਕਰਕੇ ਹੋਰ ਅੱਗੇ ਵਧਾਉਣ ਲਈ ਮੰਡੀ ਬੋਰਡ ਨੂੰ ਲਿਖਤੀ ਭੇਜਣ ਦਾ ਵੀ ਭਰੋਸਾ ਦਿੱਤਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ 252 ਮਸ਼ੀਨਾਂ ਨਾਲ ਪ੍ਰਤੀ ਮਸ਼ੀਨ ਇੱਕ ਏਕੜ ਦੇ ਹਿਸਾਬ ਨਾਲ 252 ਏਕੜ ਵਿੱਚ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਸਫ਼ਲਤਾ ਪੂਰਵਕ ਜ਼ਿਲ੍ਹੇ ਦੇ ਛੋਟੇ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਵਾਈ ਗਈ ਹੈ।
ਕਿਸਾਨਾਂ ਨੇ ਪੂਸਾ ਤੇ ਪੀਲੀ ਪੂਸਾ ਕਿਸਮ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਨੂੰ ਬੀਜਣ ‘ਤੇ ਪਹਿਲਾਂ ਹੀ ਮਨਾਹੀ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਹਦਾਇਤ ‘ਤੇ ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰ ਪਾਲ ਸਿੰਘ ਚੱਠਾ ਨੇ ਪਰਾਲੀ ਵਾਲੀ ਜਮੀਨ ਵਿੱਚ ਕਣਕ ਦੀ ਬਿਜਾਈ ਕਰਨ ‘ਤੇ ਸੁੰਡੀ ਤੇ ਹੋਰ ਕੀਟਾਂ ਦੇ ਹਮਲੇ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਸਹਿਕਾਰੀ ਸਭਾ ਪ੍ਰਧਾਨ ਮੇਵਾ ਸਿੰਘ, ਮੰਡੀ ਪ੍ਰਧਾਨ ਅਮਰੀਕ ਸਿੰਘ, ਕਿਸਾਨ ਯੂਨੀਅਨ ਬੀਕੇਯੂ ਆਗੂ ਕਰਨੈਲ ਸਿੰਘ, ਐਡਵੋਕੇਟ ਜਗਦੀਸ਼ ਸਿੰਘ, ਏ.ਡੀ.ਓ. ਪਰਮਜੀਤ ਕੌਰ ਅਤੇ ਕਲਸਟਰ ਅਫ਼ਸਰ ਤੇ ਪਟਵਾਰੀ ਮੋਹਿਤ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ।

You May Also Like

More From Author

+ There are no comments

Add yours