ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵੱਲੋਂ ਪਟਿਆਲਾ ਦੇ ਪ੍ਰਾਜੈਕਟਾਂ ਦਾ ਬਾਰੀਕੀ ਨਾਲ ਜਾਇਜ਼ਾ

1 min read
-ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਇੰਦਰਜੀਤ ਕੌਰ ਮਾਨ, ਨਰਿੰਦਰਪਾਲ ਸਿੰਘ ਸਵਨਾ ਤੇ ਸੁਖਵਿੰਦਰ ਸਿੰਘ ਕੋਟਲੀ ਨੇ ਕੀਤਾ ਦੌਰਾ
-ਡੇਅਰੀ ਪ੍ਰਾਜੈਕਟ, ਹੈਰੀਟੇਜ ਸਟਰੀਟ, ਰਜਿੰਦਰਾ ਝੀਲ ਤੇ ਵੱਡੀ ਤੇ ਛੋਟੀ ਨਦੀ ਦਾ ਨਿਰੀਖਣ
ਪਟਿਆਲਾ, 14 ਨਵਬਰ:
ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਕਮੇਟੀ ਨੇ ਪਟਿਆਲਾ ਦੇ ਪ੍ਰਾਜੈਕਟਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਕਮੇਟੀ ਮੈਂਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਇੰਦਰਜੀਤ ਕੌਰ ਮਾਨ, ਨਰਿੰਦਰਪਾਲ ਸਿੰਘ ਸਵਨਾ ਅਤੇ ਸੁਖਵਿੰਦਰ ਸਿੰਘ ਕੋਟਲੀ ਨੇ ਡੇਅਰੀ ਪ੍ਰਾਜੈਕਟ, ਹੈਰੀਟੇਜ ਸਟਰੀਟ, ਰਾਜਿੰਦਰਾ ਝੀਲ ਅਤੇ ਵੱਡੀ ਤੇ ਛੋਟੀ ਨਦੀ ਦੇ ਕੰਮਾਂ ਦਾ ਮੌਕੇ ਉਤੇ ਜਾ ਕੇ ਨਿਰੀਖਣ ਕੀਤਾ।
ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਅਤੇ ਹੋਰ ਕਮੇਟੀ ਮੈਂਬਰਾਂ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਆਪਣੇ ਦੌਰੇ ਬਾਅਦ ਅਧਿਕਾਰੀਆਂ ਨਾਲ ਬੈਠਕ ਮੌਕੇ ਚੇਅਰਮੈਨ ਬਿਲਾਸਪੁਰ ਤੇ ਹੋਰ ਕਮੇਟੀ ਮੈਂਬਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਕਮੇਟੀ ਵੱਲੋਂ ਅਧਿਕਾਰਤ ਕੀਤਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਡੇਅਰੀ ਪ੍ਰਾਜੈਕਟ, ਹੈਰੀਟੇਜ ਸਟਰੀਟ, ਰਾਜਿੰਦਰਾ ਝੀਲ ਅਤੇ ਵੱਡੀ ਤੇ ਛੋਟੀ ਨਦੀ ਦੇ ਕੰਮਾਂ ਦੀ ਰਿਪੋਰਟ ਵਿਧਾਇਕ ਕੋਹਲੀ ਨੂੰ ਦੇਣਗੇ।
ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਕਮੇਟੀ ਨੇ ਵਿੱਤੀ ਸਾਲ 2020-21 ਤੋਂ 2022-23 ਦੌਰਾਨ ਇਨ੍ਹਾਂ ਪ੍ਰਾਜੈਕਟਾਂ ਦੇ ਅਨੁਮਾਨ, ਪ੍ਰਾਪਤ ਗ੍ਰਾਂਟਾਂ, ਖਰਚੇ ਅਤੇ ਬੱਚਤ ਦੇ ਵੇਰਵਿਆਂ ਦਾ ਬਾਰੀਕਬੀਨੀ ਨਾਲ ਅਧਿਐਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਦੇ ਸਨਮੁੱਖ ਪੇਸ਼ ਕਰੇਗੀ।
ਕਮੇਟੀ ਵੱਲੋਂ ਬਾਅਦ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਪੀ.ਡੀ.ਏ. ਦੇ ਸੀ.ਏ ਗੁਰਪ੍ਰੀਤ ਸਿੰਘ ਥਿੰਦ, ਏ.ਡੀ.ਸੀਜ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਹਰ ਪ੍ਰਾਜੈਕਟ ਦਾ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਨੁਮਾਨ ਕਮੇਟੀ ਨੂੰ ਭਰੋਸਾ ਦਿੱਤਾ ਕਿ ਕਮੇਟੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸ਼ਨਦੀਪ ਕੌਰ ਗਿੱਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਸਮੇਤ ਸਥਾਨਕ ਸਰਕਾਰਾਂ, ਡਰੇਨੇਜ, ਲੋਕ ਨਿਰਮਾਣ ਵਿਭਾਗ, ਪੰਜਾਬ ਰਾਜ ਬਿਜਲੀ ਨਿਗਮ, ਪੰਚਾਇਤੀ ਰਾਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

You May Also Like

More From Author

+ There are no comments

Add yours