ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
-ਖੇਡਾਂ ਰਾਹੀਂ ਰੰਗਲਾ ਪੰਜਾਬ ਸਿਰਜਣ ਦੀ ਹੋਈ ਸ਼ੁਰੂਆਤ : ਚੇਤਨ ਸਿੰਘ ਜੌੜਾਮਾਜਰਾ
-ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜੇਤੂ ਟੀਮਾਂ ਨੂੰ ਵੰਡੇ ਇਨਾਮ
ਪਟਿਆਲਾ, 19 ਅਕਤੂਬਰ:
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਸਕਟਬਾਲ ਮੁਕਾਬਲੇ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ। ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੀ ਵਿਸ਼ੇਸ਼ ਤਰਜੀਹ ਸਦਕਾ ਰੰਗਲਾ ਪੰਜਾਬ ਸਿਰਜਣ ਦੀ ਸ਼ੁਰੂਆਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਏਸ਼ੀਅਨ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬੀ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਬਸ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਕੌਮਾਂਤਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਹੈ, ਜਿਸ ਦਾ ਨਤੀਜ਼ਾ ਏਸੀਅਨ ਖੇਡਾਂ ਵਿੱਚ ਆਏ ਮੈਡਲ ਹਨ।
ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਵੀ ਆਪਣੀ ਸਿਹਤ ਦੀ ਬਿਹਤਰੀ ਲਈ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਮੈਗਜ਼ੀਨ ਸੈਸ਼ਨ 2022-23 ਵੀ ਰਿਲੀਜ਼ ਕੀਤਾ ਗਿਆ।
ਇਸ ਤਿੰਨ ਦਿਨਾਂ ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਵਿੱਚ 12 ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਇਸ ਬਾਸਕਟਬਾਲ ਦੀ ਚੈਂਪੀਅਨਸ਼ਿਪ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ) ਨੇ ਜਿੱਤੀ। ਦੂਜੇ ਸਥਾਨ ਤੇ ਕਰਨਲ ਕਾਲਜ ਚੂੜਲ ਕਲਾਂ (ਸੰਗਰੂਰ) ਦੀ ਟੀਮ ਰਹੀ। ਤੀਸਰਾ ਸਥਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤਾ। ਜੇਤੂ ਟੀਮ ਨੂੰ ਮੁੱਖ ਮਹਿਮਾਨ ਸ.ਚੇਤਨ ਸਿੰਘ ਜੌੜਾਮਾਜਰਾ ਨੇ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਅਮਨਦੀਪ ਕੌਰ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਸੰਦੀਪ ਖਾਨ, ਰਿਚੂ ਕੁਮਾਰ ਅਤੇ ਗਗਨਦੀਪ ਸਿੰਘ ਨੇ ਖੇਡ ਅਧਿਕਾਰੀਆਂ ਵਜੋਂ ਆਪਣੀ ਡਿਊਟੀ ਨਿਭਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ.ਅਮਰਪ੍ਰੀਤ ਸਿੰਘ ਅਬਜਰਬਰ ਤਿੰਨੋ ਦਿਨ ਟੂਰਨਾਮੈਂਟ ਵਿਚ ਹਾਜ਼ਰ ਰਹੇ। ਕਾਲਜ ਕੌਂਸਲ ਮੈਂਬਰਜ਼, ਪ੍ਰੋ.ਜਗਦੇਵ ਸਿੰਘ, ਪ੍ਰੋ.ਗੁਰਸੇਵ ਸਿੰਘ, ਸਮੁੱਚੀ ਟੀਚਿੰਗ ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਰਹੇ।
+ There are no comments
Add yours