ਚੰਡੀਗੜ੍ਹ, 15 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਵਿਸ਼ਵ ਪੱਧਰੀ ਓਰਲ ਹੈਲਥਕੇਅਰ ਸਰਵਿਸਿਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਟਰੌਮਾ ਵਾਰਡ ਦੇ ਨਾਲ ਨਾਲ ਸੁਪਰ-ਸਪੈਸ਼ਲਿਟੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜਾਂ ਦੀ ਅਪਗ੍ਰੇਡੇਸ਼ਨ ਤੋਂ ਇਲਾਵਾ ਜ਼ਿਲ੍ਹਾ ਹਸਪਤਾਲਾਂ ਵਿੱਚ ਐਡਵਾਂਸਡ ਡੈਂਟਲ ਇਮਪਲਾਂਟ ਸੈਂਟਰ ਬਣਾਉਣ ਅਤੇ ਆਰਥੋਪੈਨਟੋਮਾਗਰਾਮ (ਓਪੀਜੀ) ਮਸ਼ੀਨਾਂ ਸਥਾਪਿਤ ਕਰਨ ਸਮੇਤ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ।
ਉਨ੍ਹਾਂ ਨੇ ਦੰਦਾਂ ਦੇ ਡਾਕਟਰਾਂ ਨੂੰ ਆਪਣੇ ਖੇਤਰ ਦੀਆਂ ਉੱਨਤ ਤਕਨੀਕਾਂ ਸਿੱਖ ਕੇ ਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਸੀਂ ਜ਼ਿਲ੍ਹਾ ਹਸਪਤਾਲਾਂ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਦੰਦਾਂ ਦੇ ਡਾਕਟਰਾਂ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਨੂੰ ਸਿੱਧੇ ਤੌਰ ‘ਤੇ ਮੈਡੀਕਲ ਕਾਲਜਾਂ ਵਿੱਚ ਤਾਇਨਾਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਦੰਦਾਂ ਦੇ ਡਾਕਟਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਮੋਹਾਲੀ, ਪਟਿਆਲਾ, ਜਲੰਧਰ, ਰੂਪਨਗਰ ਅਤੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਾ ਹਸਪਤਾਲਾਂ ਵਿੱਚ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਹਾਈ-ਟੈਕ ਓਪੀਜੀ ਮਸ਼ੀਨਾਂ—ਉਪਰਲੇ ਅਤੇ ਹੇਠਲੇ ਜਬਾੜੇ ਦਾ ਪੈਨੋਰਾਮਿਕ ਸਕੈਨਿੰਗ ਡੈਂਟਲ ਐਕਸਰੇ—ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋ ਮੁੱਖ ਪਾਇਲਟ ਪ੍ਰੋਜੈਕਟਾਂ ਦੀ ਸਫ਼ਲਤਾ ਤੋਂ ਬਾਅਦ, ਇਹ ਸੇਵਾਵਾਂ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ।
ਨੈਸ਼ਨਲ ਓਰਲ ਹੈਲਥ ਪ੍ਰੋਗਰਾਮ (ਐਨਓਐਚਪੀ) ਪੰਜਾਬ ਤਹਿਤ ਸੂਬੇ ਦੇ 280 ਮੈਡੀਕਲ ਅਫ਼ਸਰਾਂ (ਡੈਂਟਲ) ਲਈ ਮੋਹਾਲੀ ਵਿਖੇ ਕਰਵਾਏ ਗਏ 5ਵੇਂ ਸਲਾਨਾ ਡੈਂਟਲ ਰੀਓਰੀਐਂਟੇਸ਼ਨ ਟਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਓਰਲ ਹੈਲਥਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਐਨਓਐਚਪੀ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ 5431 ਮਰੀਜ਼ਾਂ ਦੇ ਮੁਫ਼ਤ ਮੁਕੰਮਲ ਦੰਦ ਇਮਪਲਾਂਟ ਕੀਤੇ ਗਏ, ਜਦਕਿ ਪਿਛਲੇ ਸਾਲ ਸੂਬੇ ਦੀਆਂ ਡੈਂਟਲ ਓ.ਪੀ.ਡੀਜ਼ ਵਿੱਚ ਚਲਾਏ ਗਏ ਦੰਦਾਂ ਦੇ ਪੰਦਰਵਾੜੇ ਦੌਰਾਨ ਮੂੰਹ ਦੀਆਂ ਵੱਖ-ਵੱਖ ਬਿਮਾਰੀਆਂ ਲਈ 67478 ਸਕੂਲੀ ਬੱਚਿਆਂ ਅਤੇ 48028 ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ।
ਸਿਹਤ ਮੰਤਰੀ ਨੇ ਦੰਦਾਂ ਦੇ ਪੰਦਰਵਾੜੇ ਦੌਰਾਨ ਮਰੀਜ਼ਾਂ ਦੇ ਵੱਧ ਤੋਂ ਵੱਧ ਦੰਦ ਇਮਪਲਾਂਟ ਕਰਨ ਵਾਲੇ ਜ਼ਿਲ੍ਹਿਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਮੈਡੀਕਲ ਅਫਸਰਾਂ (ਡੈਂਟਲ) ਨੂੰ ਵੀ ਸਨਮਾਨਿਤ ਕੀਤਾ ਜਿਹਨਾਂ ਨੇ ਸਾਲ ਵਿੱਚ ਵੱਧ ਤੋਂ ਵੱਧ ਓਰਲ ਸਰਜਰੀਆਂ ਕੀਤੀਆਂ, ਡੈਂਟਲ ਓ.ਪੀ.ਡੀਜ਼ ਵਿੱਚ ਵਧੀਆ ਆਈਈਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਂ ਫਿਰ ਵਿਸ਼ਵ ਤੰਬਾਕੂ ਰਹਿਤ ਦਿਵਸ ‘ਤੇ ਨਵੀਨਤਮ ਤੰਬਾਕੂ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਹੈਲਥ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਸਾਲਾਨਾ ਇਨ-ਸਰਵਿਸ ਰੀਓਰੀਏਨਟੇਸ਼ਨ ਟਰੇਨਿੰਗ ਸੈਸ਼ਨ ਦਾ ਉਦੇਸ਼ ਮੈਡੀਕਲ ਅਫਸਰਾਂ (ਡੈਂਟਲ) ਨੂੰ ਦੰਦਾਂ ਦੇ ਇਮਪਲਾਂਟ, ਪ੍ਰੋਸਥੋਡੋਨਟਿਕਸ ਅਤੇ ਆਰਥੋਡੋਨਟਿਕਸ ਦੇ ਖੇਤਰ ਵਿੱਚ ਨਵੀਨਤਮ ਇਲਾਜ ਵਿਧੀਆਂ ਤੋਂ ਜਾਣੂ ਕਰਵਾਉਣਾ ਸੀ।
ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ ਦੇ ਪ੍ਰੋਫੈਸਰ ਅਤੇ ਮੁਖੀ ਓਰਲ ਸਰਜਰੀ ਡਾ. ਨਿਤਿਨ ਵਰਮਾ, ਐਮਡੀਐਸ ਪ੍ਰੋਸਥੋਡੋਨਟਿਕਸ ਡਾ. ਕੇ.ਬੀ.ਐਸ. ਕੁਕਰੇਜਾ ਅਤੇ ਐਮਡੀਐਸ ਪ੍ਰੋਸਥੋਡੋਨਟਿਕਸ ਡਾ. ਵਿਕਾਸ ਗੁਪਤਾ ਅਤੇ ਐਮਡੀਐਸ ਆਰਥੋਡੋਨਟਿਕਸ ਡਾ. ਪੁਨੀਤ ਸ਼ਰਮਾ ਸਮੇਤ ਬੁਲਾਰਿਆਂ ਨੇ ਸਰਕਾਰੀ ਸਿਹਤ ਸਹੂਲਤਾਂ ਦੇ ਡੈਂਟਲ ਸਰਜਨਾਂ ਲਈ ਨਵੀਨਤਮ ਤਕਨੀਕਾਂ ਅਤੇ ਨਵੇਂ ਡੈਂਟਲ ਪ੍ਰੋਸੀਜਰਸ ਬਾਰੇ ਲੈਕਚਰ ਪੇਸ਼ਕਾਰੀਆਂ ਦੇ ਕੇ ਸਿਖਲਾਈ ਦੇ ਵਿਗਿਆਨਕ ਸੈਸ਼ਨ ਦਾ ਸੰਚਾਲਨ ਕੀਤਾ।
ਇਸ ਦੌਰਾਨ ਡਿਪਟੀ ਡਾਇਰੈਕਟਰ (ਡੈਂਟਲ) ਡਾ. ਸੁਰਿੰਦਰ ਮੱਲ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਓਰਲ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਪ੍ਰਿੰਸੀਪਲ ਐਸ.ਆਈ.ਐਚ.ਐਫ.ਡਬਲਿਊ ਡਾ. ਜਸਵਿੰਦਰ ਕੁਮਾਰੀ, ਸਿਵਲ ਸਰਜਨ ਮੁਹਾਲੀ ਡਾ. ਮਹੇਸ਼ ਆਹੂਜਾ, ਡਾਇਰੈਕਟਰ ਪ੍ਰੋਕਿਉਰਮੈਂਟ ਪੀ.ਐਚ.ਐਸ.ਸੀ ਡਾ. ਪਵਨਪ੍ਰੀਤ ਕੌਰ ਅਤੇ ਸਟੇਟ ਨੋਡਲ ਅਫ਼ਸਰ (ਡੈਂਟਲ) ਡਾ. ਨਵਰੂਪ ਕੌਰ ਵੀ ਹਾਜ਼ਰ ਸਨ।
+ There are no comments
Add yours