(ਆਪਣਾ ਪੰਜਾਬ ਡੈਸਕ):
ਚੰਡੀਗੜ੍ਹ : 12 ਨਵੰਬਰ, 2025
ਰੇਲ ਮੰਤਰਾਲੇ ਨੇ ਫਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਕੁੱਲ 25.72 ਕਿ.ਮੀ. ਲੰਬਾ ਹੋਵੇਗਾ ਅਤੇ ਇਸ ਦੀ ਅਨੁਮਾਨਿਤ ਲਾਗਤ ₹764.19 ਕਰੋੜ ਹੈ, ਜਿਸ ਵਿੱਚੋਂ ₹166 ਕਰੋੜ ਜ਼ਮੀਨ ਅਧਿਗ੍ਰਹਿ ਲਈ ਹੋਣਗੇ ਜੋ ਰੇਲਵੇ ਵੱਲੋਂ ਭਰੇ ਜਾਣਗੇ। ਅੱਜ ਮੀਡੀਆ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ, ਕੇਂਦਰੀ ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਰਣਨੀਤਕ ਅਤੇ ਆਰਥਿਕ ਦੋਹਾਂ ਪੱਖੋਂ ਬਹੁਤ ਮਹੱਤਵਪੂਰਨ ਹੈ। ਇਸ ਨਾਲ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚਕਾਰ ਦਾ ਫਾਸਲਾ 196 ਕਿ.ਮੀ. ਤੋਂ ਘਟ ਕੇ ਲਗਭਗ 100 ਕਿ.ਮੀ. ਰਹਿ ਜਾਵੇਗਾ, ਜਦਕਿ ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕਾਰਿਡੋਰ 236 ਕਿ.ਮੀ. ਘੱਟ ਹੋ ਜਾਵੇਗਾ। ਇਹ ਪ੍ਰੋਜੈਕਟ ਮਾਲਵਾ ਅਤੇ ਮਾਝਾ ਖੇਤਰਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ, ਜਿਸ ਨਾਲ ਖੇਤਰੀ ਆਵਾਜਾਈ ਅਤੇ ਲੌਜਿਸਟਿਕ ਦੱਖਲਦਾਰੀ ਵਿਚ ਸੁਧਾਰ ਆਏਗਾ।
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਅਤੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ ਦਾ ਧੰਨਵਾਦ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਪੰਜਾਬ ਲਈ ਇਕ ਇਤਿਹਾਸਕ ਤੋਹਫ਼ਾ ਹੈ। ਨਵੀਂ ਰੇਲ ਲਾਈਨ ਜਲੰਧਰ–ਫਿਰੋਜ਼ਪੁਰ ਅਤੇ ਪੱਟੀ–ਖੇਮਕਰਣ ਰੂਟਾਂ ਨੂੰ ਜੋੜੇਗੀ, ਜਿਸ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਸਿੱਧਾ ਅਤੇ ਵਿਕਲਪੀ ਸੰਪਰਕ ਸਥਾਪਤ ਹੋਵੇਗਾ। ਇਹ ਰੂਟ ਰਣਨੀਤਕ ਰੱਖਿਆ ਮਹੱਤਤਾ ਵਾਲੇ ਖੇਤਰਾਂ ਰਾਹੀਂ ਲੰਘਦਾ ਹੈ, ਜਿਸ ਨਾਲ ਫੌਜੀ ਜਵਾਨਾਂ, ਸਾਮੱਗਰੀ ਅਤੇ ਸਪਲਾਈਜ਼ ਦੀ ਤੇਜ਼ ਗਤੀ ਨਾਲ ਆਵਾਜਾਈ ਸੰਭਵ ਹੋਵੇਗੀ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਣਨੀਤਕ ਲਾਭਾਂ ਤੋਂ ਇਲਾਵਾ, ਇਸ ਪ੍ਰੋਜੈਕਟ ਨਾਲ ਵੱਡੇ ਪੱਧਰ ’ਤੇ ਸਮਾਜਿਕ ਅਤੇ ਆਰਥਿਕ ਫਾਇਦੇ ਹੋਣਗੇ। ਇਸ ਨਾਲ ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਅਤੇ ਅਪਰੋਕਸ਼ ਤੌਰ ’ਤੇ ਲਾਭ ਹੋਵੇਗਾ ਅਤੇ ਲਗਭਗ 2.5 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਹ ਰੇਲ ਲਾਈਨ ਹਰ ਰੋਜ਼ 2,500 ਤੋਂ 3,500 ਯਾਤਰੀਆਂ ਲਈ ਸੁਵਿਧਾ ਪ੍ਰਦਾਨ ਕਰੇਗੀ, ਜਿਸ ਨਾਲ ਖ਼ਾਸ ਤੌਰ ’ਤੇ ਵਿਦਿਆਰਥੀ, ਕਰਮਚਾਰੀ ਅਤੇ ਪਿੰਡਾਂ ਦੇ ਮਰੀਜ਼ ਲਾਭਾਨਵਿਤ ਹੋਣਗੇ। ਇਹ ਰੇਲ ਲਿੰਕ ਵਪਾਰ ਅਤੇ ਉਦਯੋਗੀ ਵਿਕਾਸ ਨੂੰ ਤੀਵਰ ਕਰੇਗਾ, ਮਾਲ ਆਵਾਜਾਈ ਦੇ ਖਰਚੇ ਘਟਾਏਗਾ ਅਤੇ ਖੇਤੀਬਾੜੀ ਬਾਜ਼ਾਰਾਂ ਤੱਕ ਪਹੁੰਚ ਸੁਗਮ ਬਣਾਵੇਗਾ। ਇਸ ਨਾਲ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧੇਗਾ। ਨਵੀਂ ਰੇਲ ਲਾਈਨ ਅੰਮ੍ਰਿਤਸਰ, ਜੋ ਕਿ ਵਪਾਰਕ, ਸਿੱਖਿਆਕ ਅਤੇ ਧਾਰਮਿਕ ਕੇਂਦਰ ਹੈ ਅਤੇ ਹਰ ਰੋਜ਼ ਇਕ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ, ਨੂੰ ਫਿਰੋਜ਼ਪੁਰ ਨਾਲ ਤੇਜ਼ ਅਤੇ ਮਜ਼ਬੂਤ ਸੰਪਰਕ ਪ੍ਰਦਾਨ ਕਰੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਵਾਂ ਰੂਟ ਵੰਡ ਦੇ ਸਮੇਂ ਖੋਈ ਹੋਈ ਇਤਿਹਾਸਕ ਲਾਈਨ ਨੂੰ ਦੁਬਾਰਾ ਜਗਾਏਗਾ, ਜਿਸ ਨਾਲ ਫਿਰੋਜ਼ਪੁਰ–ਖੇਮਕਰਣ ਦਾ ਫਾਸਲਾ 294 ਕਿ.ਮੀ. ਤੋਂ ਘਟ ਕੇ 110 ਕਿ.ਮੀ. ਰਹਿ ਜਾਵੇਗਾ।
ਡੀ.ਆਰ.ਐਮ. ਅੰਬਾਲਾ ਸ਼੍ਰੀ ਵਿਨੋਦ ਭਾਟੀਆ, ਸੀ. ਪੀ.ਐਮ./ਨਿਰਮਾਣ ਸ਼੍ਰੀ ਅਜੈ ਵਰਸ਼ਨੈ, ਸੀ. ਪੀ.ਐਮ./ਆਰ.ਐਲ.ਡੀ. ਏ. ਸ਼੍ਰੀ ਬਲਬੀਰ ਸਿੰਘ, ਏ.ਡੀ.ਆਰ.ਐਮ./ਫਿਰੋਜ਼ਪੁਰ ਸ਼੍ਰੀ ਨਿਤਿਨ ਗਰਗ ਅਤੇ ਸ਼੍ਰੀ ਧਨੰਜੇ ਸਿੰਘ, ਈ.ਡੀ.ਪੀ.ਜੀ./ਰੇਲ ਰਾਜ ਮੰਤਰੀ ਵੀ ਅਉਥੇ ਮੌਜੂਦ ਸਨ।

+ There are no comments
Add yours