ਪਟਿਆਲਾ, 9 ਜੁਲਾਈ:
ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਨਾਲ ਲੈਕੇ ਵੱਡੀ ਨਦੀ ਦਾ ਦੌਰਾ ਕਰਕੇ ਨਦੀ ਦੀ ਸਫ਼ਾਈ ਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਨਗਰ ਨਿਗਮ ਤੇ ਡਰੇਨੇਜ ਵਿਭਾਗ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਇਸ ਲਈ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਬਰਸਾਤ ਦੇ ਪਾਣੀ ਨਾਲ ਸ਼ਹਿਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਗਰ ਨਿਗਮ ਵੱਲੋਂ ਪਹਿਲਾਂ ਹੀ ਕੀਤੇ ਹੋਏ ਹਨ। ਕੋਹਲੀ ਨੇ ਕਿਹਾ ਕਿ ਪਰੰਤੂ ਵੱਡੀ ਨਦੀ ‘ਚ ਪਿੱਛੋਂ ਪਾਣੀ ਆਉਣ ‘ਤੇ ਉਸਨੂੰ ਅੱਗੇ ਵੱਧਣ ਲਈ ਲੋੜੀਂਦਾ ਰਸਤਾ ਦੇਣ ਲਈ ਸਫ਼ਾਈ ਜੰਗੀ ਪੱਧਰ ‘ਤੇ ਜਾਰੀ ਹੈ, ਇਸ ਲਈ ਸ਼ਹਿਰ ਵਾਸੀ ਬੇਫ਼ਿਕਰ ਹੋ ਜਾਣ, ਕਿਉਂਕਿ ਲੋਕਾਂ ਦਾ ਵਿਧਾਇਕ ਖ਼ੁਦ ਸਥਿਤੀ ਉਪਰ ਨਿਰੰਤਰ ਨਿਗਰਾਨੀ ਰੱਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸੁਭਾਵਕ ਹੈ ਕਿ ਪਿਛਲੇ ਸਾਲ ਪਾਣੀ ਤੋਂ ਡਰੇ ਲੋਕ ਘਬਰਾਹਟ ਵਿੱਚ ਆ ਜਾਣ ਪਰੰਤੂ ਪੰਜਾਬ ਸਰਕਾਰ ਤੇ ਨਗਰ ਨਿਗਮ ਨੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਕੰਟਰੋਲ ਰੂਮ ਤੇ ਵਾਰ ਰੂਮ ਸਮੇਤ ਪ੍ਰਸ਼ਾਸਨ ਦਾ ਹਰ ਵਿੰਗ ਪੂਰੀ ਤਰ੍ਹਾਂ ਸਰਗਰਮ ਹੈ, ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਪਿਛਲੀ ਵਾਰ ਹੜ੍ਹਾਂ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਸਨ ਤੇ ਅੱਗੇ ਵੀ ਹਰ ਸਮੇਂ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ।
ਵੱਡੀ ਨਦੀ ਵਿੱਚ ਬੂਟੀ ਦੀ ਸਫ਼ਾਈ ਬਾਬਤ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੋਹਲੀ ਨੇ ਦੱਸਿਆ ਕਿ ਵੱਡੀ ਨਦੀ ਦੀ ਅਪਸਟ੍ਰੀਮ ਤੇ ਡਾਊਨ ਸਟ੍ਰੀਮ ਵਿੱਚ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਅਤੇ ਹੁਣ ਮਿਡ ਸਟ੍ਰੀਮ ਵਿੱਚ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ, ਅਗਲੇ ਕੁਝ ਦਿਨਾਂ ਵਿੱਚ ਇੱਥੋਂ ਵੀ ਬੂਟੀ ਸਾਫ਼ ਹੋ ਜਾਵੇਗੀ, ਜਿਸ ਲਈ ਕਿਸੇ ਤਰ੍ਹਾਂ ਦੇ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਲੰਬੀ ਰੀਚ ਤੇ ਵੱਡੇ ਬੂਮ ਵਾਲੀ ਮਸ਼ੀਨ ਇਸ ਦੀ ਸਫ਼ਾਈ ਕਰ ਦੇਵੇਗੀ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਲਾਇਨਾਂ ਦੀ ਸਫ਼ਾਈ ਲਈ ਇੱਕ ਸੁਪਰ ਸਕਸ਼ਨ ਮਸ਼ੀਨ ਕੰਮ ਕਰ ਰਹੀ ਹੈ ਅਤੇ ਇੱਕ ਹੋਰ ਸੁਪਰ ਸਕਸ਼ਨ ਮਸ਼ੀਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਕਰਕੇ ਕਿਤੇ ਵੀ ਸੀਵਰੇਜ ਜਾਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੈਕਬ ਡਰੇਨ ਦੀ ਸਫ਼ਾਈ ਵੀ ਮੁਕੰਮਲ ਹੋਣ ਦੇ ਕਿਨਾਰੇ ਹੈ। ਇਸ ਮੌਕੇ ਐਸ.ਈ. ਹਰਕਿਰਨ ਸਿੰਘ, ਐਕਸੀਐਨ ਜੇ.ਪੀ. ਸਿੰਘ, ਐਸ.ਡੀ.ਓ. ਮਨੀਸ਼ ਕੁਮਾਰ ਤੇ ਰਾਜਦੀਪ ਸਿੰਘ ਵੀ ਮੌਜੂਦ ਸਨ।
+ There are no comments
Add yours