-ਲੁਟਕੀ ਮਾਜਰਾ ‘ਚ 32 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਲੋਕਾਂ ਨੂੰ ਸਮਰਪਿਤ, ਬੰਮਣਾਂ ਦੇ ਸਕੂਲ ਲਈ 15 ਲੱਖ ਦਾ ਚੈਕ
-ਜੌੜਾਮਾਜਰਾ ‘ਚ 17 ਲੱਖ ਰੁਪਏ ਨਾਲ ਛੱਪੜ ਤੋਂ ਖੇਤਾਂ ਤੱਕ ਪਾਇਪਲਾਈਨ ਤੇ ਸੋਲਰ ਮੋਟਰ ਤੇ 17 ਲੱਖ ਰੁਪਏ ਨਾਲ ਫਿਰਨੀ, ਗਲੀਆਂ ਦੇ ਵਿਕਾਸ ਤੇ ਸਟਰੀਟ ਲਾਇਟਾਂ ਦਾ ਹੋਇਆ ਕੰਮ
-ਕਿਹਾ, ਸੂਬੇ ਦਾ ਚਹੁੰਤਰਫ਼ਾ ਵਿਕਾਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਤਰਜੀਹ
ਸਮਾਣਾ, 1 ਜਨਵਰੀ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਨਵੇਂ ਵਰ੍ਹੇ 2024 ਦੀ ਆਮਦ ਮੌਕੇ ਹਲਕੇ ਦੇ ਪਿੰਡਾਂ ਨੂੰ ਤੋਹਫ਼ਾ ਦਿੰਦਿਆਂ ਬਲਾਕ ਸਮਾਣਾ ਦੇ ਪਿੰਡਾਂ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਅੱਧੀ ਦਰਜਨ ਪਿੰਡਾਂ ‘ਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਹਨ।
ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਸੂਬੇ ਦਾ ਚਹੁੰਤਰਫ਼ਾ ਵਿਕਾਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਲੁਟਕੀ ਮਾਜਰਾ (ਜੌੜਾਮਾਜਰਾ) ਵਿਖੇ 32 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 15 ਲੱਖ ਰੁਪਏ ਨਾਲ ਭੂਮੀ ਤੇ ਜਲ ਰੱਖਿਆ ਵਿਭਾਗ ਵੱਲੋਂ ਲਗਾਇਆ ਗਿਆ ਛੱਪੜ ਤੋਂ ਖੇਤਾਂ ਤੱਕ ਪਾਇਪ ਲਾਈਨ ਪਾ ਕੇ ਸਿੰਚਾਈ ਲਈ ਸੋਲਰ ਮੋਟਰ ਪ੍ਰਾਜੈਕਟ ਦਾ ਉਦਘਾਟਨ ਕੀਤਾ। ਜਦਕਿ 17 ਲੱਖ ਰੁਪਏ ਨਾਲ ਪਿੰਡ ਦੀ ਫਿਰਨੀ, ਬਿਆਸ ਘਰ ਤੋਂ ਮੇਨ ਸੜਕ ਤੱਕ ਬਰਮਾਂ ਪੱਕੀਆਂ ਕਰਨ ਤੇ ਸਟਰੀਟ ਲਾਈਟਾਂ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਦੌਰਾਨ ਜੌੜਾਮਾਜਰਾ ਨੇ ਪਿੰਡ ਕੂਕਾ ਵਿਖੇ ਐਸ.ਸੀ. ਧਰਮਸ਼ਾਲਾ, ਪਿੰਡ ਤਰੌੜਾ ਕਲਾਂ ਵਿਖੇ ਕਮਿਉਨਿਟੀ ਸ਼ੈਡ, ਨਵੀਂ ਲਲੌਛੀ ਵਿਖੇ ਸਟੇਡੀਅਮ ਵਿੱਚ ਫਲੱਡ ਲਾਇਟਾਂ ਸਮੇਤ ਗਲੀਆਂ ਤੇ ਨਾਲੀਆਂ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੰਮਣਾਂ ਦੇ ਸਰਕਾਰੀ ਸਕੂਲ ਦੇ ਵਿਕਾਸ ਲਈ 15 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਵੀ ਸੌਂਪਿਆ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਸਕੂਲਾਂ ਦੇ ਵਿਕਾਸ ਲਈ ਵਿਸ਼ੇਸ਼ ਬਜਟ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਦੇ ਵਿਕਾਸ ਲਈ ਬਿਨ੍ਹਾਂ ਕਿਸੇ ਵਿਤਕਰੇ ਦੇ ਗ੍ਰਾਂਟਾਂ ਜਾਰੀ ਕਰਕੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਤਾਂ ਕਿ ਪਿੰਡਾਂ ਦੇ ਵਸਨੀਕਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਦਹੀਆ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਬੀ.ਡੀ.ਪੀ.ਓ. ਅਜੈਬ ਸਿੰਘ ਸੁਖਵਿੰਦਰ ਸਿੰਘ ਟਿਵਾਣਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।
+ There are no comments
Add yours