ਪੀ.ਪੀ.ਐਸ.ਸੀ. ਮੈਂਬਰ ਸਤਵੰਤ ਸਿੰਘ ਮੋਹੀ ਗ੍ਰਿਫ਼ਤਾਰ
ਚੰਡੀਗੜ੍ਹ, 19 ਦਸੰਬਰ :
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ (ਐਮ.ਓ.) ਦੀ ਭਰਤੀ ਦੌਰਾਨ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਪਟਿਆਲ਼ਾ ਜਿਲੇ ਦੇ ਸ਼ੁਤਰਾਣਾ ਹਲਕੇ ਤੋਂ ਸਾਬਕਾ ਵਿਧਾਇਕ ਡਾ: ਸਤਵੰਤ ਸਿੰਘ ਮੋਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਵਿਸ਼ੇਸ਼ ਪੜਤਾਲੀਆ ਟੀਮ (ਐਸ.ਆਈ.ਟੀ.) ਦੀ ਜਾਂਚ ਰਿਪੋਰਟ ਦੇ ਆਧਾਰ ਉਤੇ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਐਸ. ਕੇ. ਸਿਨਹਾ ਚੇਅਰਮੈਨ (ਸਵਰਗਵਾਸੀ), ਬ੍ਰਿਗੇਡੀਅਰ (ਸੇਵਾਮੁਕਤ) ਡੀ.ਐਸ. ਗਰੇਵਾਲ (ਸਵਰਗਵਾਸੀ), ਡਾ: ਸਤਵੰਤ ਸਿੰਘ ਮੋਹੀ, ਡੀ.ਐਸ. ਮਾਹਲ, ਸਾਬਕਾ ਮੰਤਰੀ ਲਾਲ ਸਿੰਘ ਦੀ ਨੂੰਹ ਰਵਿੰਦਰ ਕੌਰ ਅਤੇ ਭਾਜਪਾ ਦਾ ਬੁਲਾਰਾ ਅਨਿਲ ਸਰੀਨ ਸ਼ਾਮਲ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 22-11-2013 ਨੂੰ ਪੀ.ਪੀ.ਐਸ.ਸੀ. ਦੁਆਰਾ ਦੋ ਵਾਰੀਆਂ ਵਿੱਚ 100 ਅਤੇ 212 ਅਸਾਮੀਆਂ ਉਪਰ ਕੁੱਲ 312 ਐਮ.ਓਜ਼ ਦੀ ਭਰਤੀ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਚੁਣੌਤੀ ਦੇਣ ਵਾਲੀਆਂ ਰਿੱਟ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਸਮੁੱਚੇ ਮਾਮਲੇ ਦੀ ਜਾਂਚ ਲਈ ਇੱਕ ਐਸ.ਆਈ.ਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਦੋ ਮੈਂਬਰੀ ਐਸ.ਆਈ.ਟੀ. ਵਿੱਚ ਸ਼ਾਮਲ ਐਮ.ਐਸ. ਬਾਲੀ, ਸੰਯੁਕਤ ਕਮਿਸ਼ਨਰ ਸੀ.ਬੀ.ਆਈ. (ਸੇਵਾਮੁਕਤ) ਅਤੇ ਸੁਰੇਸ਼ ਅਰੋੜਾ, ਤੱਤਕਾਲੀ ਡਾਇਰੈਕਟਰ ਜਨਰਲ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਸਾਲ 2008-2009 ਵਿੱਚ 312 ਡਾਕਟਰਾਂ ਦੀ ਪੂਰੀ ਚੋਣ ਬੇਨਿਯਮੀਆਂ ਨਾਲ ਭਰੀ ਹੋਈ ਸੀ।
ਇਸ ਅਨੁਸਾਰ ਪੀ.ਪੀ.ਐਸ.ਸੀ. ਦੇ ਤੱਤਕਾਲੀ ਚੇਅਰਮੈਨ ਅਤੇ ਪੰਜ ਮੈਂਬਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿੱਚ ਇਹ ਐਫ.ਆਈ.ਆਰ. ਦਰਜ ਕੀਤੀ ਗਈ ਹੈ।
+ There are no comments
Add yours