ਪਟਿਆਲਾ, 5 ਦਸੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਨਾਮ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਦੇ ਸਮੂਹ ਬਲਾਕਾਂ ਵਿਚ ਭੂਮੀ ਸਿਹਤ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਭੂਮੀ ਸਿਹਤ ਦਿਵਸ ਹਰ ਸਾਲ 5 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਭੂਮੀ ਸਿਹਤ ਦਿਵਸ ਬਲਾਕ ਪਟਿਆਲਾ ਦੇ ਪਿੰਡ ਢਕੜੱਬਾ, ਬਲਾਕ ਨਾਭਾ ਦੇ ਪਿੰਡ ਹਰੀਗੜ੍ਹ, ਬਲਾਕ ਰਾਜਪੁਰਾ ਦੇ ਪਿੰਡ ਨਿਆਮਤਪੁਰਾ ਅਤੇ ਬਲਾਕ ਭੁਨਰਹੇੜੀ ਦੇ ਪਿੰਡ ਸਰਕੜਾ ਫਾਰਮ ਵਿਚ ਵਿਸ਼ੇਸ਼ ਕੈਂਪ ਲਗਾ ਕੇ ਮਨਾਇਆ ਗਿਆ। ਇਸ ਮੌਕੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਵੀ ਵੰਡੇ ਗਏ। ਡਾ. ਅਮਨਦੀਪ ਕੌਰ ਏ.ਡੀ.ਓ ਭੌ ਪਰਖ ਪਟਿਆਲਾ ਵੱਲੋਂ ਮਿੱਟੀ ਅਤੇ ਪਾਣੀ ਟੈਸਟ ਕਰਵਾਉਣ ਲਈ ਸੈਂਪਲ ਲੈਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਧ ਤੋਂ ਵੱਧ ਮਿੱਟੀ ਅਤੇ ਪਾਣੀ ਦੇ ਸੈਂਪਲ ਟੈਸਟ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਨੀਤੂ ਰਾਣੀ ਏ.ਡੀ.ਓ. ਰਾਜਪੁਰਾ, ਡਾ. ਗਰਿਮਾ ਏ.ਡੀ.ਓ. ਨਾਭਾ, ਡਾ. ਵਿਮਲਪ੍ਰੀਤ ਸਿੰਘ ਏ.ਡੀ.ਓ. ਭੁਨਰਹੇੜੀ, ਡਾ. ਅਜੈਪਾਲ ਸਿੰਘ ਏ.ਡੀ.ਓ ਪਟਿਆਲਾ ਅਤੇ ਡਾ. ਰਵਿੰਦਰਪਾਲ ਸਿੰਘ ਚੱਠਾ ਏ.ਈ.ਓ. ਪਟਿਆਲਾ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ। ਇਹਨਾਂ ਕੈਂਪਾਂ ਵਿਚ ਅਗਾਂਹਵਧੂ ਕਿਸਾਨਾਂ ਵੱਲੋਂ ਮਿੱਟੀ ਦੀ ਸਿਹਤ ਅਨੁਸਾਰ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਬੇਲੋੜੇ ਖਰਚੇ ਘਟਾਉਣ ਸਬੰਧੀ ਆਪਣੇ ਤਜਰਬੇ ਮਹਿਕਮੇ ਨਾਲ ਸਾਂਝੇ ਕੀਤੇ ਗਏ।
+ There are no comments
Add yours