ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧੀਜੀਵੀਆਂ ਨੂੰ ਪੰਜਾਬ ’ਚੋਂ ਨਸ਼ਿਆਂ ਦੇ ਖ਼ਾਤਮੇ, ਵਾਤਾਵਰਣ ਅਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਇਹ ਕੰਮ ਵੀ ਦੇਸ਼ ਭਗਤੀ ਤੋਂ ਘੱਟ ਨਹੀਂ ਹੈ। ਇਸ ਦੇ ਲਈ ਵੀ ਸਾਨੂੰ ਮਿਲ ਕੇ ਲੜਨਾ ਪਵੇਗਾ। ਮੁੱਖ ਮੰਤਰੀ ਐਤਵਾਰ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ 118ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 9 ਸਤੰਬਰ ਦੀ ਬਰਸੀ ਸਬੰਧੀ ਸ਼ਹੀਦ ਪਰਿਵਾਰ ਫੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੱਤਵਾਦ ਪੀੜਤ 170 ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 1,41,80,000/- ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ।
ਇਸ ਮੌਕੇ ਹਰ ਪੀੜਤ ਪਰਿਵਾਰ ਨੂੰ ਐੱਫ਼. ਡੀ. ਆਰ. ਤੋਂ ਇਲਾਵਾ 5 ਕਿਲੋ ਆਟਾ, 5 ਕਿਲੋ ਚੌਲ, 1 ਸਿਲਾਈ ਮਸ਼ੀਨ, 2 ਕੰਬਲ, ਕੱਪੜੇ ਅਤੇ ਭਾਂਡੇ ਵੀ ਦਿੱਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਯੂ. ਪੀ. ਐੱਸ. ਸੀ. ਵਰਗੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ ਸਰਕਾਰ 8 ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਨੌਜਵਾਨ 12ਵੀਂ ਜਮਾਤ ਪਾਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਵਿਦੇਸ਼ਾਂ ਵਿਚ ਜ਼ਿੰਦਗੀ ਹੋਰ ਵੀ ਔਖੀ ਹੈ। ਕਿਸੇ ਹੋਰ ਦੇਸ਼ ਵਿਚ ਸੈਟਲ ਹੋਣਾ ਅਤੇ ਪਰਿਵਾਰ ਪਾਲਣਾ ਬਹੁਤ ਮੁਸ਼ਕਿਲ ਹੈ। ਵਿਦੇਸ਼ ਗਏ ਕਈ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਰ-ਵਾਰ ਡਿੱਗਿਆ ਹੈ ਅਤੇ ਹਰ ਵਾਰ ਖੜ੍ਹਾ ਹੋਇਆ ਹੈ। ਇਸ ਲਈ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਾਲਵਾ ਵਰਗੇ ਖ਼ੇਤਰਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 650 ਫੁੱਟ ਹੇਠਾਂ ਚਲਾ ਗਿਆ ਹੈ ਅਤੇ ਪਾਣੀ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਵਿਚ ਸ਼ਾਂਤੀ ਹੈ ਪਰ ਪੁਰਾਣੇ ਸਮੇਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਇਸ ਦੌਰਾਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਕਿਹਾ ਕਿ ਰਾਜਨੀਤੀ ਵਿਚ ਅਸੀਂ ਵਿਚਾਰਕ ਵਖਰੇਵਿਆਂ ਕਾਰਨ ਆਪਸ ਵਿਚ ਲੜਦੇ ਹਾਂ ਪਰ ਹੁਣ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਿਹਤਰੀ ਵੱਲ ਲਿਜਾਣ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਲੜਨਾ ਪਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨਾਲ ਉਨ੍ਹਾਂ ਦੇ ਸਬੰਧ ਬਹੁਤ ਪੁਰਾਣੇ ਹਨ। ਜਦੋਂ ਉਹ ਸੰਸਦ ਮੈਂਬਰ ਸਨ ਤਾਂ ਉਸ ਸਮੇਂ ਸੰਸਦ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਸ਼੍ਰੀ ਅਵਿਨਾਸ਼ ਚੋਪੜਾ ਸਮੇਂ-ਸਮੇਂ ’ਤੇ ਗਿਆਨ ਦਿੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਅ ਰਿਹਾ ਹੈ ਅਤੇ ਪਰਿਵਾਰ ਤੋਂ ਪ੍ਰੇਰਨਾ ਲੈ ਕੇ ਲੱਖਾਂ ਲੋਕ ਸਮਾਜ ਸੇਵਾ ਵਿਚ ਲੱਗੇ ਹੋਏ ਹਨ। ਹੁਣ ਪੀੜ੍ਹੀ ਦਰ ਪੀੜ੍ਹੀ ਸੇਵਾ ਦੇ ਕੰਮ ਵਿਚ ਮਦਦ ਕਰ ਰਹੀ ਹੈ।